ਪੱਤਰ ਪ੍ਰੇਰਕ
ਕੁਰਾਲੀ, 6 ਫਰਵਰੀ
ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਸਥਾਨਕ ਵਾਰਡ ਨੰਬਰ 10 ਦੇ ਉਮੀਦਵਾਰ ਬਹਾਦਰ ਸਿੰਘ ਓਕੇ ਦੇ ਦਫ਼ਤਰ ਦਾ ਉਦਘਾਟਨ ਕੀਤਾ। ਇਸੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਾਂਗਰਸ ਤੋਂ ਬਾਗੀ ਹੋ ਕੇ ਖੜ੍ਹੇ ਹੋਏ ਆਗੂਆਂ ਨੂੰ ਚੋਣ ਮੈਦਾਨ ਵਿੱਚੋਂ ਹਟਣ ਅਤੇ ਕਾਂਗਰਸੀ ਉਮੀਦਵਾਰਾਂ ਦੀ ਮਦਦ ਕਰਨ ਦਾ ਸੱਦਾ ਦਿੱਤਾ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਨਗਰ ਪੰਚਾਇਤ ਖਮਾਣੋਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਦਿਨ 19 ਉਮੀਦਵਾਰਾਂ ਨੇ ਆਪਣੇ ਪਰਚੇ ਵਾਪਸ ਲੈ ਲਏ ਹਨ। ਹਲਕਾ ਵਿਧਾਇਕ ਬਸੀ ਪਠਾਣਾਂ ਗੁਰਪ੍ਰੀਤ ਸਿੰਘ ਜੀਪੀ ਨੇ ਅੱਜ ਖਮਾਣੋਂ ਦੇ ਵਾਰਡ ਨੰਬਰ 8 ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਮੌਲਾ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ।
ਖਰੜ (ਪੱਤਰ ਪ੍ਰੇਰਕ): ਖਰੜ ਨਗਰ ਕੌਂਸਲ ਦੀ ਚੋਣ ਲਈ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੀ ਮਿਤੀ ਲੰਘਣ ਮਗਰੋਂ ਹੁਣ ਕੁਲ 149 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਵਾਰਡ ਨੰਬਰ 4 ਦੇ ਆਜ਼ਾਦ ਉਮੀਦਵਾਰ ਡਾ. ਰਘੁਬੀਰ ਸਿੰਘ ਬੰਗੜ ਨੇ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਅਮਲੋਹ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਨੌਜਵਾਨ ਆਗੂ ਰਾਜੀਵ ਵਰਮਾ ਨੇ ਅੱਜ ਵਾਰਡ ਨੰਬਰ 19 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸਿਮਰਨ ਦੇਵੀ ਦੇ ਹੱਕ ਵਿਚ ਪ੍ਰਚਾਰ ਕੀਤਾ।
ਬਸੀ ਪਠਾਣਾਂ (ਪੱਤਰ ਪ੍ਰੇਰਕ): ਨਗਰ ਕੌਂਸਲ ਸਰਹਿੰਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 2 ਦੇ ਉਮੀਦਵਾਰ ਹਰਵਿੰਦਰ ਸਿੰਘ ਬੱਬਲ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਰਕਾਰ ਦੇ ਆਗੂਆਂ ਦੇ ਦਬਾਅ ਹੇਠ ਆ ਕੇ ਵਾਰਡਬੰਦੀ ਤੇ ਵੋਟਰ ਲਿਸਟਾਂ ਵਿੱਚ ਵੋਟਾਂ ਕੱਟ ਕੇ ਇਕ ਦੂਜੇ ਵਾਰਡਾਂ ਵਿੱਚ ਪਾਈਆਂ ਗਈਆਂ, ਜਿਸ ਕਾਰਨ ਸ਼ਹਿਰ ਨਿਵਾਸੀਆਂ ਵਿਚ ਬਹੁਤ ਰੋਸ ਹੈ।
ਕਾਂਗਰਸ ਨੇ ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਏ: ਰਾਜੂ ਖੰਨਾ
ਅਮਲੋਹ (ਪੱਤਰ ਪ੍ਰੇਰਕ): ਕਾਂਗਰਸ ਪਾਰਟੀ ਨੇ ਆਪਣੀ ਹਾਰ ਨੂੰ ਕਬੂਲਦੇ ਹੋਏ ਕੌਂਸਲ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਏ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਜੋਂ ਘਾਣ ਮੰਡੀ ਗੋਬਿੰਦਗੜ੍ਹ ਦੀ ਕੌਂਸਲ ਚੋਣ ਸਮੇਂ ਹਲਕਾ ਵਿਧਾਇਕ ਦੀ ਕਥਿਤ ਸ਼ਹਿ ਉਪਰ ਹੋਇਆ ਹੈ, ਉਸ ਨਾਲ ਕਾਂਗਰਸ ਦਾ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ। ਉਨ੍ਹਾਂ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਕੇ ਲੋਕਤੰਤਰੀ ਹੱਕਾਂ ਦਾ ਘਾਣ ਕੀਤਾ ਗਿਆ ਹੈ।
ਵਿਕਾਸ ਦੇ ਮੁੱਦੇ ’ਤੇ ਚੋਣਾਂ ਲੜੀਆਂ ਜਾਣਗੀਆਂ: ਰਣਦੀਪ
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀ ਚੋਣ ਵਿਚ ਕਾਂਗਰਸ ਉਮੀਦਵਾਰਾਂ ਨੂੰ ਕਾਮਯਾਬ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਚੋਣਾਂ ਸ਼ਹਿਰ ਦੇ ਵਿਕਾਸ ਦੇ ਮੁੱਦੇ ’ਤੇ ਲੜੀਆਂ ਜਾਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਕੌਂਸਲ ਦਾ ਪ੍ਰਬੰਧਕ ਲੱਗਣ ਤੋਂ ਬਾਅਦ ਜੋ ਸ਼ਹਿਰ ਦਾ ਵਿਕਾਸ ਹੋਇਆ ਉਹ 20 ਸਾਲ ਵਿਚ ਨਹੀਂ ਹੋਇਆ। ਉਨ੍ਹਾਂ ਸ਼ਹਿਰ ਦੀ ਲੰਮੇ ਸਮੇਂ ਤੋਂ ਰੇਲਵੇ ਓਵਰਬ੍ਰਿੱਜ ਦੀ ਮੰਗ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਜੇਕਰ ਇਹ ਕਾਰਜ ਨੇਪਰੇ ਨਾ ਚੜ੍ਹਿਆ ਤਾਂ ਉਹ ਵਿਧਾਨ ਸਭਾ ਦੀ ਚੋਣ ਨਹੀਂ ਲੜਣਗੇ।
ਮੋਰਿੰਡਾ ਵਿੱਚ ਭਾਜਪਾ ਨੂੰ ਨਹੀਂ ਮਿਲਿਆ ਕੋਈ ਉਮੀਦਵਾਰ
ਮੋਰਿੰਡਾ (ਪੱਤਰ ਪ੍ਰਰੇਕ): ਪੰਜਾਬ ਸਰਕਾਰ ਵੱਲੋਂ 14 ਫਰਵਰੀ ਨੂੰ ਕਰਵਾਈਆਂ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਲੜਨ ਲਈ ਭਾਰਤੀ ਜਨਤਾ ਪਾਰਟੀ ਨੂੰ ਮੋਰਿੰਡਾ ਸ਼ਹਿਰ ਵਿੱਚੋਂ ਕੋਈ ਅਜਿਹਾ ਉਮੀਦਵਾਰ ਨਹੀਂ ਮਿਲਿਆ ਜੋ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜੇ। ਇਹੀ ਹਾਲਤ ਸ਼੍ਰੋਮਣੀ ਅਕਾਲੀ ਦਲ ਦੀ ਹੈ, ਜਿਸ ਦੇ ਸਿਰਫ਼ ਇੱਕ ਉਮੀਦਵਾਰ ਨੇ ਹੀ ਤੱਕੜੀ ਨਿਸ਼ਾਨ ਨਾਲ ਆਪਣੇ ਕਾਗਜ਼ ਭਰੇ ਹਨ।