ਜਸਵੰਤ ਜੱਸ
ਫ਼ਰੀਦਕੋਟ, 29 ਮਈ
ਇੱਥੋਂ ਦੀ ਬਲਬੀਰ ਬਸਤੀ ਵਿੱਚ ਬਿਰਧ ਔਰਤ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲੀਸ ਨੇ ਬਲਬੀਰ ਬਸਤੀ ਦੇ ਕੁਝ ਨੌਜਵਾਨਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜੰਗੀਰ ਕੌਰ (71) ਘਰ ਦੇ ਬਾਹਰ ਬੈਠੀ ਸੀ ਜਿਸ ਉੱਪਰ ਮਨਪ੍ਰੀਤ ਸਿੰਘ, ਪਵਨ ਕੁਮਾਰ, ਵੀਰ ਸਿੰਘ, ਹਰਪ੍ਰੀਤ ਸਿੰਘ, ਅਜੇ ਕੁਮਾਰ ਅਤੇ ਸੁਖਵੀਰ ਸਿੰਘ ਨੇ ਹਥਿਆਰਾਂ ਨਾਲ ਕਥਿਤ ਤੌਰ ’ਤੇ ਕਾਤਲਾਨਾ ਹਮਲਾ ਕਰ ਦਿੱਤਾ। ਇਸ ਕਾਰਨ ਜੰਗੀਰ ਕੌਰ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਸਿਟੀ ਪੁਲੀਸ ਫਰੀਦਕੋਟ ਨੇ ਮ੍ਰਿਤਕ ਔਰਤ ਦੇ ਲੜਕੇ ਜਗਸੀਰ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।