ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਮਾਰਚ
ਕਾਂਗਰਸ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਗਏ ਆਪਣੇ ਅੰਤਲੇ ਬਜਟ ਨੂੰ ਰਲਵਾਂ ਮਿਲਵਾਂ ਪ੍ਰਤੀਕ੍ਰਮ ਮਿਲ ਰਿਹਾ ਹੈ। ਇਸ ਸਬੰਧੀ ਅਰਥ- ਸ਼ਾਸਤਰੀ ਡਾ. ਬਲਵਿੰਦਰ ਟਿਵਾਣਾ ਨੇ ਕਿਹਾ ਕਿ ਮੁਫ਼ਤ ਬੱਸ ਸਫਰ ਅਤੇ ਆਸ਼ੀਰਵਾਦ ਸਕੀਮ ’ਚ ਵਾਧੇ ਵਰਗੇ ਫ਼ੈਸਲੇ ਚੋਣਾਂ ਵਿੱਚ ਇੱਕ ਸਾਲ ਰਹਿੰਦਾ ਹੋਣ ਕਰਕੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਵਜੋਂ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿੱਖਿਆ ਲਈ ਸਿਰਫ ਤਿੰਨ ਅਤੇ ਸਿਹਤ ਸੇਵਾਵਾਂ ਲਈ ਕੁੱਲ ਬਜਟ ਦਾ 10 ਫੀਸਦੀ ਹਿੱਸਾ ਹੀ ਰੱਖਿਆ ਹੈ। ਖੇਤ ਮਜ਼ਦੂਰਾਂ ਦੀ ਕਰਜ਼ਾ ਮੁਆਫੀ ਲਈ ਫੰਡ ਰੱਖਣ ਦੀ ਭਾਵੇਂ ਟਿਵਾਣਾ ਨੇ ਸ਼ਲਾਘਾ ਵੀ ਕੀਤੀ ਪਰ ਇਸ ਨੂੰ ਊਠ ਦੇ ਮੂੰਹ ’ਚ ਜੀਰੇ ਦੇ ਬਰਾਬਰ ਦੱਸਿਆ।
ਉਧਰ ਪੰਜਾਬੀ ਯੂਨੀਵਰਸਿਟੀ ਦੇ ਅਰਥਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਡਾ. ਕੇਸਰ ਸਿੰਘ ਭੰਗੂ ਨੇ ਇਸ ਬਜਟ ਨੂੰ ਵੋਟਾਂ ਬਟੋਰਨ ਦੀ ਕੋਸ਼ਿਸ਼ ਹੀ ਆਖਿਆ। ਉਨ੍ਹਾਂ ਨੇ ਵੀ ਬੁਨਿਆਦੀ ਸਹੂਲਤਾਂ ਵੱਲ ਧਿਆਨ ਨਾ ਦਿੱਤੇ ਜਾਣ ਦੀ ਗੱਲ ਆਖੀ।
ਇਸੇ ਹੀ ਵਿਭਾਗ ਦੇ ਪ੍ਰੋਫੈਸਰ ਲਖਵਿੰਦਰ ਸਿੰਘ ਨੇ ਵੀ ਕੁਝ ਵਰਗਾਂ ਨੂੰ ਦਿੱਤੀਆਂ ਗਈਆਂ ਰਿਆਇਤਾਂ ਨੂੰ ਲੁਭਾਊ ਦੱਸਦਿਆਂ ਸਿਹਤ ਤੇ ਸਿੱਖਿਆ ਸਮੇਤ ਹੋਰ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਕਰਾਰ ਦਿੱਤਾ। ਇਸੇ ਦੌਰਾਨ ਸੂਬਾਈ ਮੁਲਾਜ਼ਮ ਆਗੂਆਂ ਬਚਿੱਤਰ ਸਿੰਘ, ਗੁਰਮੀਤ ਵਾਲੀਆ, ਦਰਸ਼ਨ ਲੁਬਾਣਾ, ਦਰਸ਼ਨ ਬੇਲੂਮਾਜਰਾ ਨੇ ਬਜਟ ਮੁਲਾਜ਼ਮਾਂ ਦੇ ਹੱਕ ਦੱਬਣ ਵਾਲਾ ਕਰਾਰ ਦਿੱਤਾ। ਸੂਬਾਈ ਕਿਸਾਨ ਆਗੂ ਜਗਮੋਹਣ ਪਟਿਆਲਾ, ਡਾ. ਦਰਸ਼ਨਪਾਲ, ਰਣਜੀਤ ਸਵਾਜਪੁਰ, ਸਤਨਾਮ ਬਹਿਰੂ, ਰਣ ਸਿੰਘ ਚੱਠਾ ਤੇ ਬਿੱਟੂ ਰਾਠੀਆਂ ਨੇ ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਆਫ਼ੀ ਦਾ ਵਾਅਦਾ ਨਾ ਪੂਰਨ ਦੀ ਗੱਲ ਵੀ ਆਖੀ।