ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੂਨ
‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ਵੱਲੋਂ ਦੋ ਵਾਰ ਜੰਮੂ-ਕਸ਼ਮੀਰ ਤੋਂ ਹਿਜਰਤ ਕੀਤੀ ਗਈ ਤੇ ਦੋਨੋਂ ਵਾਰ ਹੀ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸੀ। ਸ੍ਰੀ ਸੰਜੇ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਉਤੇ ਕਸ਼ਮੀਰੀ ਪੰਡਿਤਾਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਉਂਦੇ ਹੋਏ ਦੱਸਿਆ ਕਿ ਪਹਿਲੀ ਵਾਰ 1990 ਵਿੱਚ ਭਾਜਪਾ ਦੇ ਸਮਰਥਨ ਵਾਲੀ ਕੇਂਦਰ ਸਰਕਾਰ ਸੀ ਤੇ ਜੰਮੂ-ਕਸ਼ਮੀਰ ਤੋਂ ਕਸ਼ਮੀਰੀ ਪੰਡਿਤਾਂ ਨੇ ਹਿਜਰਤ ਕੀਤੀ। ਦੂਜੀ ਵਾਰ ਹੁਣ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੂਰਨ ਬਹੁਮਤ ਦੀ ਸਰਕਾਰ ਹੈ ਪਰ ਕਸ਼ਮੀਰੀ ਪੰਡਿਤਾਂ ਦਾ ਪਲਾਇਨ ਜਾਰੀ ਹੈ। ਉਨ੍ਹਾਂ ਕਿਹਾ ਕਿ 1990 ਵਿੱਚ ਭਾਜਪਾ ਨੇਤਾ ਜਗਮੋਹਨ ਕਸ਼ਮੀਰ ਦੇ ਰਾਜਪਾਲ ਸਨ ਜਿਸ ਨੂੰ ਮੋਦੀ ਸਰਕਾਰ ਨੇ ਪਦਮ ਸ੍ਰੀ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਵੱਲੋਂ ਕਸ਼ਮੀਰੀ ਪੰਡਿਤਾਂ ਦੇ ਕਤਲ ਕੀਤੇ ਜਾ ਰਹੇ ਹਨ ਤੇ ਭਾਜਪਾ ਦੀ ਕੇਂਦਰ ਸਰਕਾਰ ਉਨ੍ਹਾਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਰਹੀ ਹੈ। ਉਹ ਬੱਚਿਆਂ ਸਮੇਤ ਹਿਜਰਤ ਕਰ ਰਹੇ ਹਨ। ਉਨ੍ਹਾਂ ਕਿਹਾ, ‘ਕਸ਼ਮੀਰ ਫਾਈਲਸ ਫ਼ਿਲਮ ਬਣਾ ਕੇ ਪੂਰੇ ਦੇਸ਼ ਵਿੱਚ ਕਸ਼ਮੀਰੀਆਂ ਦੇ ਦਰਦ ਨੂੰ ਵੇਚਣ ਤੇ ਰਾਜਨੀਤੀ ਕਰਨ ਦਾ ਕੰਮ ਕੀਤਾ ਗਿਆ ਹੈ’। ਸੰਜੇ ਸਿੰਘ ਨੇ ਭਾਜਪਾ ਨੂੰ ਵਾਅਦਾ ਯਾਦ ਕਰਵਾਇਆ ਕਿ ਉਹ ਆਖ ਰਹੇ ਸਨ ਕਿ ਕਸ਼ਮੀਰੀ ਪੰਡਿਤਾਂ ਨੂੰ ਉਥੇ ਲੈ ਜਾ ਕੇ ਵਸਾਇਆ ਜਾਵੇਗਾ, ਉਨ੍ਹਾਂ ਨੂੰ ਵਸਾਉਣਾ ਤਾਂ ਦੂਰ ਜੋ ਉੱਥੇ ਬਚੇ ਹਨ, ਉਨ੍ਹਾਂ ਵੀ ਹਿਜਰਤ ਕਰਨੀ ਪੈ ਰਹੀ ਹੈ ਪਰ ਭਾਜਪਾ ਦੀ ਚਿੰਤਾ ਇਸ ਉਪਰ ਲੱਗੀ ਹੋਈ ਹੈ ਕਿ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਕਿਵੇਂ ਫਸਾਇਆ ਜਾਵੇ।