ਲਖਵੀਰ ਸਿੰਘ ਚੀਮਾ
ਟੱਲੇਵਾਲ, 2 ਅਪਰੈਲ
ਇੱਥੋਂ ਨੇੜਲੇ ਪਿੰਡ ਕੈਰੇ ਅਤੇ ਨਾਈਵਾਲ (ਸ਼ੇਰ ਸਿੰਘ ਪੁਰਾ) ਦੇ ਵਿਚਕਾਰ ਸੜਕ ਉੱਪਰ ਲੱਗੇ ਪੋਲਟਰੀ ਫਾਰਮ ਕਾਰਨ ਮੱਖੀਆਂ ਦੀ ਪ੍ਰੇਸ਼ਾਨੀ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਖ਼ਿਲਾਫ਼ ਲੱਗਿਆ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਪਿੰਡਾਂ ਦੇ ਲੋਕਾਂ ਵੱਲੋਂ ਪੋਲਟਰੀ ਫ਼ਾਰਮ ਅੱਗੇ ਪ੍ਰਦਰਸ਼ਨ ਕੀਤਾ ਗਿਆ। ਅੱਜ ਧਰਨੇ ਵਿਚ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਪਹੁੰਚੇ। ਇਸ ਦੌਰਾਨ ਵਿਧਾਇਕ ਪੰਡੋਰੀ ਵੱਲੋਂ ਮੌਕੇ ’ਤੇ ਐਸਡੀਐਮ ਬਰਨਾਲਾ ਨੂੰ ਫੋਨ ਕਰ ਕੇ ਇਸ ਮਾਮਲੇ ਪ੍ਰਤੀ ਨਿਯਮਾਂ ਅਨੁਸਾਰ ਪੋਲਟਰੀ ਫਾਰਮ ਦੇ ਮਾਲਕ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ।
ਇਸ ਮੌਕੇ ਪਿੰਡ ਨਾਈਵਾਲਾ ਦੇ ਸਰਪੰਚ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਪੋਲਟਰੀ ਫਾਰਮ ਤੋਂ ਪੈਦਾ ਹੋ ਰਹੀਆਂ ਮੱਖੀਆਂ ਕਾਰਨ ਦੋਵੇਂ ਪਿੰਡਾਂ ਦੇ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਇਸ ਮਾਮਲਾ ਕਈ ਵਾਰ ਪ੍ਰਸ਼ਾਸਨ ਦੇ ਮਾਮਲਾ ਧਿਆਨ ਵਿੱਚ ਧਿਆਨ ਵਿੱਚ ਲਿਆਂਦਾ ਜਾ ਚੁੱਕਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਘਰਾਂ, ਸਕੂਲਾਂ, ਗੁਰੂ ਘਰਾਂ ਆਦਿ ਵਿਚ ਖਾਣਾ ਤਿਆਰ ਕਰਨਾ ਅਤੇ ਖਾਣਾ ਔਖਾ ਹੋ ਗਿਆ ਹੈ। ਇਸ ਕਰ ਕੇ ਦੋਵੇਂ ਪਿੰਡਾਂ ਦੇ ਲੋਕਾਂ ਨੂੰ ਪੋਲਟਰੀ ਫਾਰਮ ਅੱਗੇ ਲਗਾਤਾਰ ਧਰਨਾ ਦੇਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਇਸ ਪੋਲਟਰੀ ਫਾਰਮ ਨੂੰ ਬੰਦ ਕਰ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ, ਉਹ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ।
ਇਸ ਮੌਕੇ ਗੁਰਮੁਖ ਸਿੰਘ ਲਾਲੀ, ਜਸਪ੍ਰੀਤ ਸਿੰਘ, ਜਰਨੈਲ ਸਿੰਘ, ਪਰਗਟ ਸਿੰਘ, ਬਹਾਦਰ ਸਿੰਘ ਤੋਂ ਇਲਾਵਾ ਦੋਵੇਂ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।