ਬਲਵਿੰਦਰ ਰੈਤ
ਨੂਰਪੁਰ ਬੇਦੀ, 22 ਦਸੰਬਰ
ਇਥੋਂ ਨਜ਼ਦੀਕ ਪੈਂਦੇ ਝੱਜ ਚੌਂਕ ਵਿਖੇ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਦੇ ਪਰਿਵਾਰ ਵੱਲੋਂ ਲਗਾਏ ਗਏ ਕੈਂਪ ਦੌਰਾਨ ਪ੍ਰਬੰਧਕਾਂ ਦੀ ਸਾਂਝੀ ਸੱਥ ਕਿਸਾਨ ਜਥੇਬੰਦੀ ਦੇ ਆਗੂਆਂ ਨਾਲ ਤਕਰਾਰਬਾਜ਼ੀ ਹੋ ਗਈ। ਇਕਬਾਲ ਸਿੰਘ ਲਾਲਪੁਰਾ ਦੇ ਪੁੱਤਰ ਤੇ ਸਮਾਜ ਸੇਵੀ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਲੇਬਰ ਕਾਰਡ ਬਣਾਉਣ ਲਈ ਕੈਂਪ ਲਾਇਆ ਗਿਆ ਸੀ। ਇਸ ਦੌਰਾਨ ਕੁਝ ਨੌਜਵਾਨਾਂ ਨੇ ਖ਼ਲਲ ਪਾਇਆ ਅਤੇ ਪੋਸਟਰ ਉਤਾਰੇ ਦਿੱਤੇ। ਦੂਜੇ ਪਾਸੇ ਸਾਂਝੀ ਸੱਥ ਕਿਸਾਨ ਜਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੜਵਾ ਨੇ ਦੱਸਿਆ ਕਿ ਲਾਲਪੁਰਾ ਦੇ ਪਰਿਵਾਰ ਵੱਲੋਂ ਪਿੰਡ ਵਿੱਚ ਅਨਾਉਂਸਮੈਂਟ ਦੌਰਾਨ ਲੇਬਰ ਕਾਰਡ ਬਣਾਏ ਜਾਣੇ ਦੀ ਗੱਲ ਕੀਤੀ ਸੀ, ਪਰ ਇੱਥੇ ਭਾਜਪਾ ਦੀ ਕਥਿਤ ਮੈਂਬਰਸ਼ਿਪ ਭਰੀ ਜਾ ਰਹੀ ਹੈ। ਕਲਵਾਂ ਪੁਲੀਸ ਚੌਕੀ ਦੇ ਏਐੱਸਆਈ ਗੁਰਨਾਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ।