ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 3 ਜੂਨ
ਧਰਤੀ ’ਤੇ ਅਤੇ ਹੇਠਾਂ ਪਾਣੀ ਗੰਧਲਾ ਹੋਣ ਕਾਰਨ ਪੀਣ ਯੋਗ ਨਹੀਂ ਰਿਹਾ ਅਤੇ ਧਰਤੀ ਹੇਠਲਾ ਪਾਣੀ ਹੁਣ ਮੁੱਕਣ ਵੱਲ ਵਧ ਰਿਹਾ ਹੈ। ਇਹ ਦੋਵੇਂ ਗੱਲਾਂ ਅਜੋਕੇ ਸਮੇਂ ’ਚ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ’ਚੋਂ ਪ੍ਰਮੁੱਖ ਹਨ। ਸਭ ਸਰਕਾਰਾਂ, ਬੁੱਧੀਜੀਵੀਆਂ ਤੇ ਜਥੇਬੰਦੀਆਂ ਨੂੰ ਸਿਰ ਜੋੜ ਕੇ ਇਸ ਦਿਸ਼ਾ ਵਿੱਚ ਕੰਮ ਕਰਨ ਦੀ ਲੋੜ ਹੈ ਤਾਂ ਜੋ ਭਵਿੱਖ ਨੂੰ ਬਚਾਇਆ ਜਾ ਸਕੇ। ਇਹ ਪ੍ਰਗਟਾਵਾ ਅੱਜ ਇੱਥੇ ਜਗਰਾਉਂ-ਜਲੰਧਰ ਮੁੱਖ ਮਾਰਗ ’ਤੇ ਸਿੱਧਵਾਂ ਬੇਟ ਨੇੜੇ ਸਤਲੁਜ ਦਰਿਆ ਦੇ ਪੁਲ ’ਤੇ ਕਰਵਾਈ ਸੂਬਾ ਪੱਧਰੀ ਕਨਵੈਸ਼ਨ ’ਚ ਆਗੂਆਂ ਨੇ ਕੀਤਾ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ’ਚ ਪੈਂਦੇ ਦੂਸ਼ਿਤ ਪਾਣੀ ਨੂੰ ਸਰਕਾਰ ਫੌਰੀ ਰੋਕਣ ਲਈ ਕਦਮ ਚੁੱਕੇ, ਰਸਾਇਣਕ ਤੇ ਹਰ ਤਰ੍ਹਾਂ ਦਾ ਗੰਦਾ ਪਾਣੀ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਜਥੇਬੰਦੀ ਨੇ ਕਿਹਾ ਕਿ ਉਹ ਆਪਣੇ ਪੱਧਰ ’ਤੇ ਗੰਦਾ ਪਾਣੀ ਸਤਲੁਜ ’ਚ ਪੈਣ ਤੋਂ ਰੋਕਣ ਲਈ 14 ਅਗਸਤ ਨੂੰ ਕਾਰਵਾਈ ਅਮਲ ’ਚ ਲਿਆਵੇਗੀ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਪ੍ਰੋ. ਜੈਪਾਲ ਸਿੰਘ, ਮੋਹਣ ਸਿੰਘ ਧਮਾਣਾ, ਬਲਰਾਜ ਸਿੰਘ ਕੋਟਉਮਰਾ, ਮਨੋਹਰ ਸਿੰਘ ਗਿੱਲ, ਸੰਤੋਖ ਸਿੰਘ ਬਿਲਗਾ ਤੇ ਭੀਮ ਸਿੰਘ ਆਲਮਪੁਰ ਨੇ ਆਖਿਆ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਦੇਸ਼ ਦੇ ਦਰਿਆਵਾਂ ਅਤੇ ਧਰਤੀ ਹੇਠਲੇ ਪਵਿੱਤਰ ਪਾਣੀ ਨੂੰ ਗੰਧਲਾ ਤੇ ਖ਼ਤਮ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਨਾਜਾਇਜ਼ ਕਬਜ਼ੇ ਖ਼ਤਮ ਕਰਨ ਦੇ ਨਾਮ ’ਤੇ ਗਰੀਬ ਅਬਾਦਕਾਰਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਖੇਤੀ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ। ਅਬਾਦਕਾਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਪ੍ਰਧਾਨ ਦਰਸ਼ਨ ਨਾਹਰ, ਜਨਵਾਦੀ ਇਸਤਰੀ ਸਭਾ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਆਗੂ ਹਰਨੇਕ ਸਿੰਘ ਗੁੱਜਰਵਾਲ, ਜਸਵਿੰਦਰ ਸਿੰਘ ਢੇਸੀ, ਸਰਬਜੀਤ ਸੰਗੋਵਾਲ, ਕੁਲਜਿੰਦਰ ਤਲਵਣ, ਰਾਮ ਸਿੰਘ ਕੈਮਵਾਲਾ, ਅਮਰਜੀਤ ਮੱਟੂ, ਸੀਟੂ ਪੰਜਾਬ ਦੇ ਪਰਮਜੀਤ ਸਿੰਘ ਤੇ ਸੁਲੱਖਣ ਸਿੰਘ ਤੁੜ ਆਦਿ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ 14 ਅਗਸਤ ਤੋਂ ਪਹਿਲਾਂ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ, ਜਿਸ ਉਪਰੰਤ ਦਰਿਆ ’ਚ ਪਾਣੀ ਪੈਣ ਤੋਂ ਰੋਕਿਆ ਜਾਵੇਗਾ।