ਪੱਤਰ ਪ੍ਰੇਰਕ
ਪਠਾਨਕੋਟ, 5 ਜੁਲਾਈ
ਸਬ ਜੇਲ੍ਹ ਪਠਾਨਕੋਟ ਵਿੱਚ ਸਨੈਚਿੰਗ ਦੇ ਮਾਮਲੇ ਵਿੱਚ ਬੰਦ ਹਵਾਲਾਤੀ ਨਾਲ ਮੁਲਾਕਾਤ ਕਰਨ ਆਏ ਮਾਂ, ਭੈਣ ਅਤੇ ਜੀਜੇ ਵੱਲੋਂ ਉਸ ਨੂੰ ਸਾਮਾਨ ਦੇਣ ਸਮੇਂ ਜੁੱਤੀਆਂ ਵਿੱਚ ਲੁਕੋ ਕੇ ਲਿਆਂਦੇ 2 ਮੋਬਾਈਲ ਦੇਣ ਦੇ ਜੁਰਮ ਵਿੱਚ ਪੁਲੀਸ ਨੇ ਹਵਾਲਾਤੀ ਸਮੇਤ ਪਰਿਵਾਰਕ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਹਵਾਲਾਤੀ ਜਤਿੰਦਰ ਕੁਮਾਰ ਵਾਸੀ ਪਿੰਡ ਸੋਹਲ ਜ਼ਿਲ੍ਹਾ ਗੁਰਦਾਸਪੁਰ, ਉਸ ਦੀ ਭੈਣ ਸਰਬਜੀਤ ਕੌਰ ਵਾਸੀ ਔਜਲਾ, ਜੀਜਾ ਸੰਦੀਪ ਵਾਸੀ ਔਜਲਾ ਅਤੇ ਮਾਂ ਬਿੰਦਰ ਵਾਸੀ ਸੋਹਲ, ਗੁਰਦਾਸਪੁਰ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਡਵੀਜ਼ਨ ਨੰਬਰ 2 ਦੇ ਇੰਚਾਰਜ ਜਗਦੀਸ਼ ਰਾਜ ਨੇ ਦੱਸਿਆ ਕਿ ਸਬ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਕਿ ਸਨੈਚਿੰਗ ਤਹਿਤ ਥਾਣਾ ਤਾਰਾਗੜ੍ਹ ਪੁਲੀਸ ਵੱਲੋਂ ਜਤਿੰਦਰ ਕੁਮਾਰ ਵਾਸੀ ਪਿੰਡ ਸੋਹਲ ਖ਼ਿਲਾਫ਼ 10 ਦਸੰਬਰ 2021 ਨੂੰ ਮਾਮਲਾ ਦਰਜ ਕੀਤਾ ਸੀ। ਇਸ ਦੇ ਬਾਅਦ ਅਦਾਲਤ ਵਿੱਚ ਚਲਾਨ ਪੇਸ਼ ਹੋਣ ਬਾਅਦ ਮੁਲਜ਼ਮ ਜਤਿੰਦਰ ਕੁਮਾਰ ਨੂੰ ਸਬ ਜੇਲ੍ਹ ਪਠਾਨਕੋਟ ਵਿੱਚ ਬਤੌਰ ਹਵਾਲਾਤੀ ਬੰਦ ਕਰ ਦਿੱਤਾ ਗਿਆ। ਬੀਤੇ ਕੱਲ੍ਹ ਸਵੇਰੇ ਉਸ ਦੀ ਭੈਣ ਸਰਬਜੀਤ ਕੌਰ, ਜੀਜਾ ਸੰਦੀਪ ਅਤੇ ਮਾਂ ਬਿੰਦਰ ਮਿਲਣ ਆਏ ਸੀ। ਮੁਲਾਕਾਤ ਕਰਨ ਬਾਅਦ ਜਾਣ ਸਮੇਂ ਪਰਿਵਾਰ ਵੱਲੋਂ ਜਦੋਂ ਹਵਾਲਾਤੀ ਨੂੰ ਸਾਮਾਨ ਫੜਾਇਆ ਗਿਆ ਤਾਂ ਡਿਊਟੀ ’ਤੇ ਤਾਇਨਾਤ ਜੇਲ੍ਹ ਮੁਲਾਜ਼ਮ ਕਮਲ ਕਿਸ਼ੋਰ ਨੇ ਸਾਮਾਨ ਚੈੱਕ ਕੀਤਾ ਤਾਂ ਚੈਕਿੰਗ ਕਰਦੇ ਸਮੇਂ ਹਵਾਲਾਤੀ ਨੂੰ ਸਾਮਾਨ ਵਿੱਚ ਦਿੱਤੇ ਗਏ ਬੂਟਾਂ ਵਿੱਚੋਂ 2 ਮੋਬਾਈਲ ਫੋਨ ਅਤੇ ਉਨ੍ਹਾਂ ਦੀਆਂ 2 ਬੈਟਰੀਆਂ ਵੀ ਬਰਾਮਦ ਹੋਈਆਂ। ਇਸ ਦੇ ਬਾਅਦ ਸਾਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ।