ਨਵੀਂ ਦਿੱਲੀ, 27 ਸਤੰਬਰ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਨਾਲ ਜੁੜੇ ਹਫ਼ਤਾਵਾਰੀ ਰਸਾਲੇ ‘ਪੰਚਜਨਯ’ ਨੇ ਅਮਰੀਕੀ ਈ-ਕਾਮਰਸ ਕੰਪਨੀ ‘ਐਮਾਜ਼ੋਨ’ ਨੂੰ ਈਸਟ ਇੰਡੀਆ ਕੰਪਨੀ 2.0 ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਰਸਾਲੇ ਨੇ ਇਨਫੋਸਿਸ ਉਤੇ ਨਿਸ਼ਾਨਾ ਸੇਧਿਆ ਸੀ। ਰਸਾਲੇ ਨੇ ਕਵਰ ਸਟੋਰੀ ਵਿਚ ਅਮਰੀਕੀ ਕੰਪਨੀ ਦੇ ਮੁਖੀ ਜੈੱਫ ਬਿਜ਼ੋਸ ਨੂੰ ਘੇਰਨ ਦਾ ਯਤਨ ਕੀਤਾ ਹੈ। ਮੈਗਜ਼ੀਨ ਦੀ ਕਵਰ ਸਟੋਰੀ ਵਿਚ ਕਿਹਾ ਗਿਆ ਹੈ ਕਿ ਕੰਪਨੀ ਕਾਰੋਬਾਰੀ ਇਰਾਦੇ ਨਾਲ ਭਾਰਤ ਆਈ ਸੀ ਪਰ ਇਸ ਨੇ ਮੁਲਕ ਨੂੰ 200 ਸਾਲਾਂ ਲਈ ਬਸਤੀਵਾਦ ਵੱਲ ਤੋਰ ਦਿੱਤਾ ਹੈ। ਰਸਾਲੇ ਦੇ ਪਹਿਲੇ ਪੇਜ ਉਤੇ ਜੈੱਫ ਦੀ ਫੋਟੋ ਵੀ ਸਟੋਰੀ ਨਾਲ ਛਾਪੀ ਗਈ ਹੈ। ਐਮਾਜ਼ੋਨ ਉਤੇ ਰਿਸ਼ਵਤਖੋਰੀ ਦੇ ਦੋਸ਼ ਲਾਏ ਗਏ ਹਨ ਤੇ ਕੰਪਨੀ ਨੂੰ ਭ੍ਰਿਸ਼ਟ ਕਰਾਰ ਦਿੱਤਾ ਗਿਆ ਹੈ। ‘ਪੰਚਜਨਯ’ ਦੇ ਲੇਖ ਵਿਚ ਕਿਹਾ ਗਿਆ ਹੈ ਕਿ ਕੰਪਨੀ ਆਪਣੇ ਪ੍ਰਾਈਮ ਵੀਡੀਓ-ਫ਼ਿਲਮ ਕੰਟੈਂਟ ਰਾਹੀਂ ਹਿੰਦੂ ਕਦਰਾਂ-ਕੀਮਤਾਂ ਨੂੰ ਵੀ ਠੇਸ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਕੰਪਨੀ ਵੀ ਭਾਰਤੀ ਬਾਜ਼ਾਰ ਉਤੇ ਏਕਾਧਿਕਾਰ ਚਾਹੁੰਦੀ ਹੈ। ਇਸ ਲਈ ਇਸ ਨੇ ਹੁਣ ਇੱਥੇ ਲੋਕਾਂ ਦੀ ਸਿਆਸੀ, ਆਰਥਿਕ ਤੇ ਨਿੱਜੀ ਆਜ਼ਾਦੀ ਨੂੰ ਘੇਰੇ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਉਤੇ ਈ-ਮਾਰਕੀਟ ’ਤੇ ਕਬਜ਼ਾ ਕਰਨ ਲਈ ਫ਼ਰਜ਼ੀ ਕੰਪਨੀਆਂ ਸ਼ੁਰੂ ਕਰਨ ਦੇ ਦੋਸ਼ ਵੀ ਲਾਏ ਗਏ ਹਨ। ਲੇਖ ਮੁਤਾਬਕ ਕੰਪਨੀ ਨੀਤੀਆਂ ਆਪਣੇ ਹੱਕ ਵਿਚ ਕਰਨ ਲਈ ਰਿਸ਼ਵਤ ਦੇ ਰਹੀ ਹੈ। ਪ੍ਰਾਈਮ ਵੀਡੀਓਜ਼ ਰਾਹੀਂ ਭਾਰਤੀ ਸਭਿਆਚਾਰ ਉਤੇ ਮਾਰ ਕਰਦੇ ਪ੍ਰੋਗਰਾਮ ਦਿਖਾਏ ਜਾ ਰਹੇ ਹਨ। ਦੱਸਣਯੋਗ ਹੈ ਕਿ ਕੰਪਨੀ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਵਾ ਰਹੀ ਹੈ। ਕੰਪਨੀ ਦੇ ਕਾਨੂੰਨੀ ਪ੍ਰਤੀਨਿਧੀਆਂ ਉਤੇ ਰਿਸ਼ਵਤ ਦੇਣ ਦੇ ਦੋਸ਼ ਲੱਗੇ ਸਨ। -ਆਈਏਐਨਐੱਸ
ਐਮਾਜ਼ੋਨ ਖ਼ਿਲਾਫ਼ ਦੋਸ਼ ਗੰਭੀਰ, ਪਰ ਰਸਾਲੇ ਦੀ ਟਿੱਪਣੀ ਗ਼ੈਰਵਾਜਬ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਐਮਾਜ਼ੋਨ ’ਤੇ ਲੱਗੇ ਦੋਸ਼ ਗੰਭੀਰ ਹਨ ਪਰ ਆਰਐੱਸਐੱਸ ਨਾਲ ਜੁੜੇ ਰਸਾਲੇ ਵੱਲੋਂ ‘ਈਸਟ ਇੰਡੀਆ ਕੰਪਨੀ’ ਲਿਖ ਕੇ ਕੰਪਨੀ ਬਾਰੇ ਕੀਤੀ ਟਿੱਪਣੀ ਗੈਰਵਾਜਬ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕੌਮੀ ਹਿੱਤ ’ਚ ਕੁਝ ਨਹੀਂ ਹੈ ਤੇ ਸੱਤਾਧਾਰੀ ਭਾਜਪਾ ਦੇ ਹੱਕ ਵਿਚ ਟਿੱਪਣੀ ਕੀਤੀ ਗਈ ਹੈ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਕੰਪਨੀ ਉਤੇ ਲੱਗੇ ਦੋਸ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਖੇੜਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਭਾਜਪਾ-ਆਰਐੱਸਐੱਸ ਦਾ ਪਹਿਲਾਂ ਹੀ ਪਰਦਾਫਾਸ਼ ਹੋ ਚੁੱਕਾ ਹੈ। ਭਾਰਤੀ ਕਿਸਾਨ ਸੰਘ ਦਸ ਮਹੀਨਿਆਂ ਵਿਚ ਇਕ ਦਿਨ ਵੀ ਕਿਸਾਨਾਂ ਦੇ ਸਮਰਥਨ ਵਿਚ ਬਾਹਰ ਨਹੀਂ ਆਇਆ। ਕਾਂਗਰਸ ਨੇ ਕਿਹਾ ਕਿ ਹੁਣ ਕੋਈ ਵੀ ਆਰਐੱਸਐੱਸ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਕਿਉਂਕਿ ਉਹ ਹੁਣ ਦੇਸ਼ ਹਿੱਤ ਦੀ ਬੋਲੀ ਨਹੀਂ ਬੋਲਦੇ। ਉਹ ਭਾਜਪਾ ਦੇ ਹਿੱਤ ਵਿਚ ਬੋਲਦੇ ਹਨ। -ਪੀਟੀਆਈ