ਪੱਤਰ ਪ੍ਰੇਰਕ
ਬਠਿੰਡਾ, 12 ਜੁਲਾਈ
ਪੰਜਾਬ ਸਰਕਾਰ ਦੀ ਸਿੱਖਿਆ ਵਿਭਾਗ ਵਿੱਚ ਅਪਣਾਈ ਪਾਰਦਰਸ਼ੀ ਬਦਲੀ ਨੀਤੀ ਜਸਪ੍ਰੀਤ ਕੌਰ ਲੈਕਚਰਾਰ ਕੈਮਿਸਟਰੀ ਦੇਸ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨਾਲ ਬੇਇਨਸਾਫ਼ ਕਰ ਰਹੀ ਹੈ। ਜਸਪ੍ਰੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬਦਲੀ ਆਨਲਾਈਨ ਸਿਸਟਮ ਤਹਿਤ 22 ਮਾਰਚ ਨੂੰ ਬਦਲੀਆਂ ਦੇ ਪਹਿਲੇ ਫੇਜ਼ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਤੋਂ ਦੇਸ ਰਾਜ ਸਕੂਲ ਵਿਚ ਕੀਤੀ ਗਈ ਸੀ। ਬਦਲੀ ’ਚ ਮੈਰਿਟ ਅੰਕ 143.3732 ਹਨ। ਉਹ ਵਿਭਾਗੀ ਹੁਕਮਾਂ ਅਨੁਸਾਰ ਦੇਸ ਰਾਜ ਸਕੂਲ ਵਿਚ ਹਾਜ਼ਰ ਹੋ ਗਈ ਸੀ। ਵਿਭਾਗ ਨੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਇੱਕ ਘੱਟ ਮੈਰਿਟ ਅੰਕ 120.3404 ਵਾਲੇ ਹੋਰ ਲੈਕਚਰਾਰ ਕੈਮਿਸਟਰੀ ਸਰਕਾਰੀ ਸੀਨੀਅਰ ਸੈਕੰਡਰੀ ਗੋਨਿਆਨਾ ਤੋਂ ਦੇਸ ਰਾਜ ਸਕੂਲ ਬਠਿੰਡਾ ਵਿਚ ਕਰ ਦਿੱਤੀ ਹੈ। ਜਸਪ੍ਰੀਤ ਕੌਰ ਨੇ ਦੱਸਿਆ ਕਿ ਵਿਭਾਗ ਨੇ ਇਸ ਦੇ ਉਲਟ ਉਸ ਦੀਆਂ ਬਦਲੀਆਂ ਦੇ ਹੁਕਮ ਕਥਿਤ ਤੌਰ ’ਤੇ ਪਿਛਲੀਆਂ ਮਿਤੀਆਂ ਵਿੱਚ ਤਿਅਰ ਕਰ ਕੇ ਬਦਲੀ ਮਹਿਮਾ ਸਰਜਾ ਤੋਂ ਗੋਨਿਆਨਾ ਕਰ ਦਿੱਤੀ ਹੈ ਜਦੋਂਕਿ ਉਹ ਦੇਸ ਰਾਜ ਸਕੂਲ ’ਚ ਕੰਮ ਰਹੇ ਹਨ। ਡੀਟੀਐੱਫ ਦੀ ਇਕਾਈ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ।