ਹਰਦੀਪ ਸਿੰਘ ਸੋਢੀ
ਧੂਰੀ, 25 ਅਕਤੂਬਰ
ਖੰਡ ਮਿੱਲ ਵੱਲ ਰਹਿੰਦੀ ਬਕਾਇਆ ਅਦਾਇਗੀ ਦੀ ਮੰਗ ਨੂੰ ਲੈ ਕੇ ਗੰਨਾ ਕਾਸ਼ਤਕਾਰਾਂ ਨੇ ਦੀਵਾਲੀ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਸਥਾਨਕ ਤੋਤਾਪੁਰੀ ਰੋਡ ’ਤੇ ਸਥਿਤ ਦਫਤਰ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਹੱਥਾਂ ’ਚ ਕਾਲੀਆਂ ਝੰਡੀਆਂ ਲੈ ਕੇ ਪੁੱਜੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ, ਪ੍ਰਸ਼ਾਸਨ ਅਤੇ ਮਿੱਲ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿ ਆਪਣੀ ਹੀ ਫ਼ਸਲ ਦੇ ਪੈਸੇ ਨਾ ਮਿਲਣ ਕਾਰਨ ਉਹ ਬੱਚਿਆਂ ਲਈ ਮਿਠਾਈ, ਖਿਡੌਣੇ ਤੇ ਹੋਰ ਜ਼ਰੂਰੀ ਸਾਮਾਨ ਖਰੀਦਣ ਲਈ ਅਸਮਰਥ ਹਨ। ਇਸ ਕਾਰਨ ਉਨ੍ਹਾਂ ਨੇ ਬਗੈਰ ਆਵਾਜਾਈ ਠੱਪ ਕੀਤੇ ਮੁੱਖ ਮੰਤਰੀ ਦੇ ਦਫਤਰ ਦੇ ਬਾਹਰ ‘ਕਾਲੀ ਦੀਵਾਲੀ’ ਮਨਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਮਿੱਲ ਪ੍ਰਬੰਧਕਾਂ ਵੱਲੋਂ ਵਾਰ-ਵਾਰ ਅਦਾਇਗੀ ਦਾ ਭਰੋਸਾ ਦੇਣ ਦੇ ਬਾਵਜੂਦ ਵੀ ਅਦਾਇਗੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਕੀਤੇ ਗਏ ਸੰਘਰਸ਼ ਦੌਰਾਨ ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ 4 ਅਕਤੂਬਰ ਤੱਕ ਡੇਢ ਕਰੋੜ ਅਤੇ 30 ਅਕਤੂਬਰ ਤੱਕ ਕਿਸ਼ਤਾਂ ਰਾਹੀਂ ਕਿਸਾਨਾਂ ਦੀ ਰਹਿੰਦੀ ਕਰੀਬ 7 ਕਰੋੜ ਦੀ ਕੁੱਲ ਅਦਾਇਗੀ ਕਰਵਾ ਦਿੱਤੀ ਜਾਵੇਗੀ ਪਰ ਇਸ ਦੇ ਉਲਟ 24 ਅਕਤੂਬਰ ਤੱਕ ਸਿਰਫ ਡੇਢ ਕਰੋੜ ਰੁਪਏ ਹੀ ਕਿਸਾਨਾਂ ਦੇ ਖਾਤਿਆਂ ’ਚ ਪਾਏ ਗਏ ਹਨ।
ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਅਦਾਇਗੀ ਨਹੀਂ ਕਰਵਾਈ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਕਰੀਬ ਤਿੰਨ ਘੰਟੇ ਚੱਲੇ ਇਸ ਧਰਨੇ ਦੌਰਾਨ ਤਹਿਸੀਲਦਾਰ ਕੁਲਦੀਪ ਸਿੰਘ ਪ੍ਰਦਰਸ਼ਨਕਾਰੀਆਂ ਦਰਮਿਆਨ ਪੁੱਜੇ ਅਤੇ 26 ਅਕਤੂਬਰ ਨੂੰ ਮਾਮਲੇ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।