ਕੋਚੀ, 23 ਦਸੰਬਰ
ਸੀਨੀਅਰ ਕਾਂਗਰਸੀ ਆਗੂ ਤੇ ਵਿਧਾਇਕ ਪੀ ਟੀ ਥੌਮਸ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪਿਨਾਰਾਈ ਵਿਜਯਨ, ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਆਗੂ ਨੂੰ ਅੰਤਿਮ ਵਿਦਾਇਗੀ ਦਿੱਤੀ। ਸ੍ਰੀ ਥੌਮਸ ਦੀ ਆਖ਼ਰੀ ਇੱਛਾ ਮੁਤਾਬਕ ਉਨ੍ਹਾਂ ਦੀ ਦੇਹ ਦਾ ਰਵੀਪੁਰਮ ਸ਼ਮਸ਼ਾਨਘਾਟ ਵਿੱਚ ਅੱਜ ਸ਼ਾਮ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪੁੱਤਰ ਨੇ ਚਿਖਾ ਨੂੰ ਅਗਨੀ ਵਿਖਾਈ। ਵੈਲੋਰ ਤੋਂ ਸੜਕ ਰਸਤੇ ਰਾਹੀਂ ਉਨ੍ਹਾਂ ਦੀ ਦੇਹ ਨੂੰ ਲਿਆਉਣ ਦੌਰਾਨ ਇਦੁੱਕੀ ਤੇ ਇਰਨਾਕੁਲਮ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। -ਪੀਟੀਆਈ