ਹਰਜੀਤ ਸਿੰਘ
ਜ਼ੀਰਕਪੁਰ, 19 ਜਨਵਰੀ
ਪੰਜਾਬੀ ਗਾਇਕਾ ਅਫ਼ਸਾਨਾ ਖਾਨ ਦੇ ਪਤੀ ਪੰਜਾਬੀ ਗਾਇਕ ਸਾਜਨ ਸ਼ਰਮਾ ਉਰਫ਼ ਸਾਜ਼਼ ਵਾਸੀ ਜ਼ੀਰਕਪੁਰ ਨੂੰ ਇੱਕ ਗੈਂਗਸਟਰ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਹਰਪ੍ਰੀਤ ਸਿੰਘ ਵਾਸੀ ਅਰਬਨ ਅਸਟੇਟ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ ’ਤੇ ਉਹ ਪਹਿਲਾਂ ਦਰਜ ਕੇਸ ਵਿੱਚ ਭਗੌੜਾ ਚਲ ਰਿਹਾ ਹੈ। ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬੀ ਗਾਇਕਾ ਅਫਸਾਨਾ ਖਾਨ ਤੇ ਸਾਜਨ ਸ਼ਰਮਾ, ਦੋਵਾਂ ਦਾ ਇਹ ਦੂਜਾ ਵਿਆਹ ਹੈ। ਗਾਇਕ ਸਾਜ਼ ਨੂੰ ਬੀਤੇ ਕਈ ਦਿਨਾਂ ਤੋਂ ਇੱਕ ਵਿਅਕਤੀ ਮੋਬਾਈਲ ਫੋਨ ’ਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਰਿਹਾ ਸੀ। ਉਕਤ ਵਿਅਕਤੀ ਖ਼ੁਦ ਨੂੰ ਬੰਬੀਹਾ ਗਰੁੱਪ ਦਾ ਮੁੱਖ ਗੈਂਗਸਟਰ ਦੱਸ ਰਿਹਾ ਸੀ। ਧਮਕੀ ਵਿੱਚ ਸਾਜ਼ ਨੂੰ ਉਸ ਦੀ ਪਹਿਲੀ ਪਤਨੀ ਅਨੂ ਨਾਲ ਚਲ ਰਹੇ ਅਦਾਲਤੀ ਵਿਵਾਦ ਹੱਲ ਕਰਨ ਤੇ ਉਸ ਨੂੰ ਪ੍ਰੇਸ਼ਾਨ ਨਾ ਕਰਨ ਦੀ ਗੱਲ ਆਖੀ ਜਾ ਰਹੀ ਸੀ। ਗਾਇਕ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਕੇਸ ਦੀ ਅਗਲੀ ਤਰੀਕ ’ਤੇ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ। ਸ਼ਿਕਾਇਤ ਮਿਲਣ ਮਗਰੋਂ ਪੁਲੀਸ ਨੇ ਮੋਬਾਈਲ ਨੰਬਰ ਦੇ ਆਧਾਰ ’ਤੇ ਪਟਿਆਲਾ ਦੇ ਵਸਨੀਕ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਜ਼ੀਰਕਪੁਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਹਿਲੀ ਪਤਨੀ ਨਾਲ ਚੱਲ ਰਿਹਾ ਹੈ ਵਿਵਾਦ
ਗਾਇਕਾ ਅਫ਼ਸਾਨਾ ਖਾਨ ਨੇ ਹਾਲ ਹੀ ਵਿੱਚ ਸਾਜਨ ਉਰਫ਼ ਸਾਜ਼ ਨਾਲ ਵਿਆਹ ਕਰਵਾਇਆ ਹੈ ਜਿਸ ਮਗਰੋਂ ਸਾਜ਼ ਦੀ ਪਹਿਲੀ ਪਤਨੀ ਅਨੂਗ੍ਰਹਿ ਰੰਜਨ ਵਾਸੀ ਛੱਤੀਸਗੜ੍ਹ ਨੇ ਵਿਰੋਧ ਕੀਤਾ। ਅਨੂਗ੍ਰਹਿ ਨੇ ਸਾਜ ਖ਼ਿਲਾਫ਼ ਧੋਖਾ ਤੇ ਇੱਕ-ਪਾਸੜ ਤਲਾਕ ਦੇਣ ਸਬੰਧੀ ਮੁਹਾਲੀ ਦੀ ਅਦਾਲਤ ਵਿੱਚ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ। ਅਨੂ ਅਨੁਸਾਰ ਉਸ ਦਾ ਵਿਆਹ 2014 ਵਿੱਚ ਹੋਇਆ ਸੀ ਤੇ ਸਾਜ਼ ਨੇ ਉਸ ਤੋਂ ਤਲਾਕ ਲੈਣ ਲਈ ਘਰ ਦਾ ਗਲਤ ਪਤਾ ਦੱਸਿਆ, ਜਿਸ ਕਾਰਨ ਸੰਮਨ ਉਸ ਨੂੰ ਮਿਲੇ ਹੀ ਨਹੀਂ ਤੇ ਉਸ ਨੂੰ ਅਦਾਲਤ ਨੇ ਐਕਸ ਪਾਰਟੀ ਕਰਾਰ ਦਿੰਦਿਆਂ ਇਕਪਾਸੜ ਤਲਾਕ ਦੇ ਦਿੱਤਾ।