ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਜੁਲਾਈ
ਅੱਜ ਇਥੇ ਪਏ ਭਾਰੀ ਮੀਂਹ ਨਾਲ ਮੌਨਸੂਨ ਦੀ ਆਮਦ ਸ਼ੁਰੂ ਹੋ ਗਈ ਹੈ। ਭਾਰੀ ਮੀਂਹ ਨਾਲ ਜਿਥੇ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਗਿਆ , ਉਥੇ ਝੋਨਾ ਲਾ ਰਹੇ ਕਿਸਾਨਾਂ ਨੂੰ ਵੀ ਰਾਹਤ ਮਿਲੀ ਹੈ। ਤਪਦੀ ਗਰਮੀ ਤੋਂ ਆਮ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਅੱਜ ਸਵੇਰੇ ਲਗਪਗ 9 ਵਜੇ ਸੰਘਣੇ ਕਾਲੇ ਬੱਦਲ ਆਏ, ਜਿਸ ਨਾਲ ਹਨ੍ਹੇਰਾ ਹੋ ਗਿਆ। ਇਸ ਦੌਰਾਨ ਤੇਜ ਹਵਾਵਾਂ ਨਾਲ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ, ਜੋ ਲਗਪਗ ਦੋ ਢਾਈ ਘੰਟੇ ਲਗਾਤਾਰ ਜਾਰੀ ਰਿਹਾ। ਇਸ ਤੋਂ ਬਾਅਦ ਵੀ ਕਿਣ ਮਿਣ ਹੁੰਦੀ ਰਹੀ। ਭਾਰੀ ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਮੀਂਹ ਦਾ ਪਾਣੀ ਭਰ ਗਿਆ ਅਤੇ ਇਸ ਨਾਲ ਆਮ ਆਵਾਜਾਈ ਪ੍ਰਭਾਵਿਤ ਹੋਈ। ਸ੍ਰੀ ਹਰਿਮੰਦਰ ਸਾਹਿਬ ਨੇੜੇ ਕਰੋੜਾਂ ਰੁਪਇਆਂ ਦੀ ਲਾਗਤ ਨਾਲ ਬਣੀ ਹੈਰੀਟੇਜ ਸਟਰੀਟ ਵਿਚ ਵੀ ਪਾਣੀ ਖੜ੍ਹ ਗਿਆ। ਐਲੀਵੇਟਿਡ ਰੋਡ ’ਤੇ ਵੀ ਕਈ ਥਾਵਾਂ ’ਤੇ ਦੇਰ ਤਕ ਪਾਣੀ ਦੀ ਨਿਕਾਸੀ ਨਾ ਹੋਣ ਕਾਰ ਮੀਂਹ ਦਾ ਪਾਣੀ ਖੜ੍ਹਾ ਸੀ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਜ਼ਿਲੇ ਵਿਚ ਲੱਗਪੱਗ 14 ਐੱਮਐੱਮ ਬਾਰਸ਼ ਦਰਜ ਕੀਤੀ ਗਈ ਹੈ। ਖੇਤੀਬਾੜੀ ਵਿਭਾਗ ਦੇ ਜ਼ਿਲਾ ਅਧਿਕਾਰੀ ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਲਗਪਗ ਸਾਰੀਆਂ ਥਾਵਾਂ ’ਤੇ ਦਰਮਿਆਨੀ ਤੋਂ ਵਧ ਬਾਰਸ਼ ਹੋਈ ਹੈ। ਜਿਸ ਨਾਲ ਖਾਸ ਕਰਕੇ ਕਿਸਾਨਾਂ ਨੂੰ ਰਾਹਤ ਮਿਲੀ ਹੈ।
ਜਲੰਧਰ (ਪਾਲ ਸਿੰਘ ਨੌਲੀ): ਮੋਹਲੇਧਾਰ ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਖਿੜ ਉੱਠੇ। ਤਿੰਨ ਘੰਟੇ ਤੋਂ ਵੱਧ ਪਏ ਮੀਂਹ ਨਾਲ ਝੋਨੇ ਦੇ ਖੇਤ ਵੀ ਪਾਣੀ ਨਾਲ ਨੱਕੋ-ਨੱਕ ਭਰ ਗਏ। ਸੰਘਣੀ ਬੱਦਲਵਾਈ ਸਵੇਰ ਤੋਂ ਹੀ ਹੋ ਗਈ ਸੀ ਤੇ ਦੁਪਹਿਰ 1 ਵਜੇ ਤੋਂ ਸ਼ੁਰੂ ਹੋਇਆ ਮੀਂਹ 4 ਵਜੇ ਤੱਕ ਲਗਾਤਾਰ ਪੈਂਦਾ ਰਿਹਾ। ਮੀਂਹ ਪੈਣ ਨਾਲ ਪਾਵਰਕੌਮ ਦੇ ਅਧਿਕਾਰੀਆਂ ਨੇ ਵੀ ਸੁੱਖ ਦਾ ਸਾਹ ਲਿਆ। ਲੰਮੇ ਸਮੇਂ ਤੋਂ ਮੌਨਸੂਨ ਨੂੰ ਉਡੀਕ ਰਹੇ ਲੋਕਾਂ ਦੇ ਮਨ ਅੱਜ ਉਦੋਂ ਠਰੇ ਜਦੋਂ ਮੋਹਲੇਧਾਰ ਮੀਂਹ ਨੇ ਹਰ ਪਾਸੇ ਪਾਣੀ ਹੀ ਪਾਣੀ ਕਰ ਦਿੱਤਾ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਦੱਸਿਆ ਕਿ ਇਹ ਮੀਂਹ ਝੋਨੇ ਦੀ ਫਸਲ ਲਈ ਬਹੁਤ ਲੋੜੀਂਦਾ ਸੀ। ਜਾਣਕਾਰੀ ਅਨੁਸਾਰ ਸ਼ਾਹਕੋਟ, ਫਿਲੌਰ, ਨਕੋਦਰ, ਸੁਲਤਾਨਪੁਰ ਲੋਧੀ ਤੇ ਆਲੇ ਦੁਆਲੇ ਹੋਰ ਪੇਂਡੂ ਇਲਾਕਿਆਂ ਵਿਚ ਮੀਂਹ 18 ਤੋਂ 20 ਐੱਮਐੱਮ ਤੱਕ ਪਿਆ ਜਦਕਿ ਜਲੰਧਰ ਸ਼ਹਿਰ ਵਿਚ 8 ਤੋਂ 10 ਐੱਮਐੱਮ ਮੀਂਹ ਪਿਆ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਮੌਨਸੂਨ ਦੇ ਦਸਤਕ ਦੇਣ ਤੋਂ ਬਾਅਦ ਅੱਜ ਹੁਸ਼ਿਆਰਪੁਰ ’ਚ ਹੋਈ ਪਹਿਲੀ ਬਾਰਿਸ਼ ਨੇ ਸ਼ਹਿਰ ’ਚ ਜਲਥਲ ਕਰ ਦਿੱਤੀ। ਪੂਰਾ ਦਿਨ ਹੀ ਰੁਕ-ਰੁਕ ਕੇ ਵਰਖਾ ਹੁੰਦੀ ਰਹੀ। ਇਸ ਬਾਰਿਸ਼ ਨਾਲ ਲੋਕਾਂ ਨੂੰ ਜਿੱਥੇ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਉੱਥੇ ਇਹ ਮੀਂਹ ਝੋਨੇ ਦੀ ਫ਼ਸਲ ਲਈ ਵੀ ਕਾਫ਼ੀ ਲਾਹੇਵੰਦ ਰਿਹਾ। ਸ਼ਹਿਰ ਦੇ ਅੰਦਰੂਨੀ ਮੁੱਖ ਬਜ਼ਾਰਾਂ ਰੇਲਵੇ ਰੋਡ, ਕੱਚਾ ਟੋਭਾ, ਬਾਲ ਕ੍ਰਿਸ਼ਨ ਰੋਡ, ਸੁਤਹਿਰੀ ਰੋਡ ਆਦਿ ਦੀਆਂ ਸੜਕਾਂ ’ਤੇ ਕਾਫ਼ੀ ਚਿਰ ਪਾਣੀ ਭਰਿਆ ਰਿਹਾ ਜਿਸ ਕਰਕੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਜ਼ਾਰਾਂ ’ਚ ਕਈ ਦੁਕਾਨਾਂ ਵਿਚ ਅਤੇ ਕਈ ਘਰਾਂ ਵਿਚ ਵੀ ਪਾਣੀ ਭਰ ਗਿਆ।
ਉਝ ਦਰਿਆ ਤੋਂ ਪਾਰ ਪੈਂਦੇ 15 ਪਿੰਡਾਂ ਨਾਲ ਸੰਪਰਕ ਟੁੱਟਿਆ
ਪਠਾਨਕੋਟ (ਐੱਨਪੀ.ਧਵਨ): ਮੌਨਸੂਨ ਦੀ ਅੱਜ ਹੋਈ ਪਹਿਲੀ ਭਰਵੀਂ ਬਾਰਿਸ਼ ਨੇ ਸ਼ਹਿਰ ਦਾ ਜਨਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ ਅਤੇ ਇਸ ਬਾਰਿਸ਼ ਨਾਲ ਜੰਮੂ-ਕਸ਼ਮੀਰ ਵਿੱਚੋਂ ਆਉਂਦੇ ਉਝ ਦਰਿਆ ਵਿੱਚ ਪਾਣੀ ਦਾ ਬਹਾਵ ਵਧ ਗਿਆ ਤੇ ਬਮਿਆਲ ਵਿਖੇ ਦਰਿਆ ਦੇ ਪਾਣੀ ਵਿੱਚ ਉਛਾਲ ਆ ਗਿਆ ਜੋ ਕਿ ਨਾਲ ਲੱਗਦੇ ਪਿੰਡਾਂ ਵਿੱਚ ਜਾ ਵੜਿਆ। ਦਰਿਆ ਦੇ ਕਿਨਾਰੇ ਵੱਸੇ ਗੁੱਜਰਾਂ ਦੇ ਡੇਰੇ ਵੀ ਪਾਣੀ ਵਿੱਚ ਡੁੱਬ ਗਏ।ਬਮਿਆਲ ਦੇ ਸਰਹੱਦੀ ਖੇਤਰ ਵਿੱਚ ਉਝ ਦਰਿਆ ਦਾ ਪਾਣੀ ਕਸਬੇ ਦੀਆਂ ਸੜਕਾਂ ’ਤੇ ਆ ਜਾਣ ਕਾਰਨ ਉਝ ਦਰਿਆ ਤੋਂ ਪਾਰ ਪੈਂਦੇ 15 ਪਿੰਡਾਂ ਦਾ ਜ਼ਿਲ੍ਹਾ ਹੈਡਕੁਆਟਰ ਪਠਾਨਕੋਟ ਨਾਲੋਂ ਸੰਪਰਕ ਟੁੱਟ ਗਿਆ। ਬਾਰਿਸ਼ ਲੰਘੀ ਰਾਤ ਤੋਂ ਸ਼ੁਰੂ ਹੋਈ ਅਤੇ ਅੱਜ ਬਾਅਦ ਦੁਪਹਿਰ 2 ਵਜੇ ਤੱਕ ਪੈਂਦੀ ਰਹੀ। ਸਿਵਲ ਹਸਪਤਾਲ ਦੇ ਮੂਹਰੇ ਨਿਕਾਸੀ ਨਾਲੇ ਦਾ ਪਾਣੀ ਉਛਲ ਕੇ ਸੜਕ ਉਪਰੋਂ ਵਗ ਰਿਹਾ ਸੀ।