ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਦਸੰਬਰ
ਸਥਾਨਕ ਅਦਾਲਤ ਵਿੱਚ ਬੰਬ ਧਮਾਕੇ ਤੋਂ ਬਾਅਦ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਮਰੀਜ਼ ਦਾ ਹਾਲ ਜਾਣਨ ਲਈ ਪੁੱਜੇ। ਉਨ੍ਹਾਂ ਕਿਹਾ ਕਿ ਇਸ ਧਮਾਕੇ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਦੱਸਿਆ ਸੀ ਕਿ ਪੰਜਾਬ ਵਿੱਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਪਰ ਪੰਜਾਬ ਸਰਕਾਰ ਸੁੱਤੀ ਰਹੀ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਈ ਵਾਰ ਇਸ ਬਾਰੇ ਕਹਿ ਚੁੱਕੇ ਹਨ ਕਿ ਸੀਮਾ ਪਾਰ ਤੋਂ ਟਿਫਿਨ ਬੰਬ ਤੇ ਡਰੋਨ ਰਾਹੀਂ ਹੋਰ ਸਾਮਾਨ ਆ ਰਿਹਾ ਹੈ, ਜੋ ਪੰਜਾਬ ਲਈ ਖ਼ਤਰਨਾਕ ਹੈ।
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਭਾਜਪਾ ਦੇ ਸੂੁਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਅਤੇ ਕੋਟਕਪੂਰਾ ਤੇ ਬਹਬਿਲ ਕਲਾਂ ਗੋਲੀਕਾਂਡ ਵਿੱਚ ਸ਼ਹੀਦਾਂ ਹੋਏ ਪਰਿਵਾਰਾਂ ਨੂੰ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਆਉਣ ’ਤੇ ਹੀ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ, ‘‘ਦਿੱਲੀ ਅੰਦਰ ਕਾਂਗਰਸ ਦੇ ਦੰਗੇ ਕਰਵਾਏ ਸਨ। ਦੰਗਿਆਂ ਵਿੱਚ ਸਿੱਖ ਮਰਵਾਏ ਸਨ ਪਰ ਇਨਸਾਫ਼ ਭਾਜਪਾ ਨੇ ਹੀ ਦਿਵਾਇਆ ਹੈ। ਹੁਣ ਵੀ ਸਿੱਖਾਂ ਵੀ ਬਾਂਹ ਭਾਜਪਾ ਹੀ ਫੜੇਗੀ।’’
ਅਸ਼ਵਨੀ ਨੇ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਸੀਟਾਂ ਦੀ ਵੰਡ ਬਾਰੇ ਸਥਿਤੀ ਅਗਲੇ ਕੁਝ ਦਿਨਾਂ ’ਚ ਸਪੱਸ਼ਟ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਜਪਾ ਮੰਡਲਾਂ ਦੀ ਮਜ਼ਬੂਤੀ ਲਈ ਉਹ ਹੁਣ ਤੱਕ 48 ਵਿਧਾਨ ਸਭਾ ਖੇਤਰਾਂ ਦਾ ਦੌਰਾ ਕਰ ਚੁੱਕੇ ਹਨ।
ਸੂਬਾ ਪ੍ਰਧਾਨ ਵੱਲੋਂ ਮਾਲਵਾ ਖੇਤਰ ਦਾ ਦੌਰਾ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜ਼ਿਲ੍ਹਾ ਪੱਧਰ ਤੋਂ ਬੂਥ ਪੱਧਰ ਤੱਕ ਜਥੇਬੰਦਕ ਢਾਂਚੇ ਨੂੰ ਹੋਰ ਸਰਗਰਮ ਲਈ ਅੱਜ ਮਾਲਵੇ ਦਾ ਦੌਰਾ ਕੀਤਾ ਅਤੇ ਅਬੋਹਰ, ਫਾਜ਼ਿਲਕਾ, ਮੁਕਤਸਰ ਅਤੇ ਬਠਿੰਡਾ ਵਿਧਾਨ ਸਭਾ ਹਲਕਿਆਂ ਦੇ ਬੂਥ ਪੱਧਰ ਤੱਕ ਅਹੁਦੇਦਾਰਾਂ ਨਾਲ ਮੀਟਿੰਗਾਂ ਕੀਤੀਆਂ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੋਣ ਬਿਗਲ ਵਜ ਚੁੱਕਾ ਹੈ ਅਤੇ ਜਨਤਾ ਇਸ ਵਾਰ ਭਾਜਪਾ ਨੂੰ ਪੰਜਾਬ ਵਿੱਚ ਸੱਤਾ ਵਿੱਚ ਲਿਆਉਣ ਲਈ ਕਾਹਲੀ ਹੈ।