ਰਮੇਸ਼ ਭਾਰਦਵਾਜ
ਲਹਿਰਾਗਾਗਾ, 28 ਸਤੰਬਰ
ਇੱਥੇ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਰਨਾਲਾ ’ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਸਾਮਰਾਜ ਵਿਰੋਧੀ ਕਾਨਫਰੰਸ ਦੇ ਸੂਬਾ ਪੱਧਰੀ ਸਮਾਰੋਹ ’ਚ ਸ਼ਮੂਲੀਅਤ ਮੌਕੇ ਵੱਡੀ ਗਿਣਤੀ ’ਚ ਵਰਕਰਾਂ ਦੇ ਰਵਾਨਾ ਹੋੋਣ ਕਰ ਕੇ ਰਿਲਾਇੰਸ ਪੰਪ ਅੱਗੇ ਲਗਾਤਾਰ 362ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ’ਚ ਸੰਕੇਤਕ ਧਰਨਾ ਜਾਰੀ ਰਿਹਾ।
ਇਸ ਮੌਕੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦਾ ਫ਼ੈਸਲਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਸਾਮਰਾਜੀ ਸਿਸਟਮ, ਲੁੱਟ ਰਹਿਤ ਸਮਾਜ ਸਿਰਜਣ ਦਾ ਸੁਫ਼ਨਾ ਲਿਆ ਸੀ ਪਰ ਸਮੇਂ ਦੇ ਹਾਕਮ ਸ਼ਹੀਦ ਦੀ ਸੋਚ ਦੇ ਉਲਟ ਕੰਮ ਕਰ ਕੇ ਜਨਮ ਦਿਨ ਮਨਾਉਣ ਦੀ ਡਰਾਮੇਬਾਜ਼ੀ ਕਰ ਕੇ ਸ਼ਹੀਦਾਂ ਦੇ ਵਾਰਸਾਂ ਨੂੰ ਗੁਮਰਾਹ ਕਰ ਰਹੇ ਹਨ। ਨਰਿੰਦਰ ਮੋਦੀ ਪੂੰਜੀਵਾਦੀ ਲੋਕਾਂ ਦਾ ਹੱਥ ਠੋਕਾ ਬਣ ਕੇ ਨਵੇਂ ਖੇਤੀ ਕਾਨੂੰਨਾਂ ਨੂੰ ਲਾਗੂ ਕਰ ਕੇ ਦੇਸ਼ ਨੂੰ ਵੇਚਣ ’ਤੇ ਉਤਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ 27 ਦੇ ਭਾਰਤ ਬੰਦ ਨੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਕਿਸਾਨੀ ਸੰਘਰਸ਼ ਨੂੰ ਪੂਰੇ ਏਕੇ ਨਾਲ ਅੱਗੇ ਵਧਾਉਣ ’ਚ ਸਫ਼ਲਤਾ ਹਾਸਲ ਕੀਤੀ ਹੈ।
ਕਿਸਾਨ ਮੋਰਚੇ ਨੂੰ ਸਮਰਪਿਤ ਕੀਤਾ ਭਗਤ ਸਿੰਘ ਦਾ ਜਨਮ ਦਿਹਾੜਾ
ਘਨੌਰ (ਬਹਾਦਰ ਸਿੰਘ ਮਰਦਾਂਪੁਰ): ਅਨਾਜ ਮੰਡੀ ਵਿੱਚ ਸ਼ਹੀਦ ਭਗਤ ਸਿੰਘ ਲੋਕਹਿੱਤ ਕਮੇਟੀ ਪੰਜਾਬ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਦਿੱਲੀ ਦੇ ਕਿਸਾਨ ਮੋਰਚੇ ਨੂੰ ਸਮਰਪਿਤ ਕਰ ਕੇ ਮਨਾਇਆ ਗਿਆ। ਇਸ ਵਿੱਚ ਸੁਚੇਤਕ ਮੰਚ ਮੁਹਾਲੀ ਦੀ ਟੀਮ ਵੱਲੋਂ ਕਿਸਾਨੀ ਘੋਲ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨਾਲ ਸਬੰਧਿਤ ਅਤੇ ਕਿਸਾਨਾਂ-ਮਜ਼ਦੂਰਾਂ ਦੀ ਜ਼ਿੰਦਗੀ ਨਾਲ ਜੁੜੇ ਇਨਕਲਾਬੀ ਨਾਟਕ ਖੇਡੇ ਗਏ। ਇਸ ਮੌਕੇ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਆਟਾ-ਦਾਲ ਨਹੀਂ, ਸਗੋਂ ਰੁਜ਼ਗਾਰ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਸਾਡੇ ਵਜੂਦ ਦੀ ਲੜਾਈ ਹੈ, ਜੇ ਇਹ ਨਾ ਜਿੱਤੀ ਗਈ ਤਾਂ ਸਰਕਾਰ ਕਿਰਤੀਆਂ ਦਾ ਵਜੂਦ ਖ਼ਤਮ ਕਰ ਦੇਵੇਗੀ। ਉਨ੍ਹਾਂ ਕਿਹਾ ਕਿਸਾਨੀ ਸੰਘਰਸ਼ ਦਾ ਦਾਇਰਾ ਵਧਣ ਕਾਰਨ ਸਰਮਾਏਦਾਰ ਅਤੇ ਭਾਜਪਾ ਘਬਰਾਹਟ ਵਿੱਚ ਹਨ। ਇਸ ਮੌਕੇ ਮਾਸਟਰ ਗੁਰਨਾਮ ਸਿੰਘ ਘਨੌਰ, ਹਰਿੰਦਰ ਸਿੰਘ ਲਾਖਾ, ਮਾਸਟਰ ਵਿਨੋਦ ਕੁਮਾਰ, ਕਿਸਾਨ ਆਗੂ ਬ੍ਰਿਜ ਲਾਲ ਬਠੌਣੀਆਂ, ਹਰਜੰਟ ਸਿੰਘ ਮਹਿਮਾ, ਚਰਨਜੀਤ ਕੁਮਾਰ ਧੀਮਾਨ ਮੰਡੌਲੀ, ਮਹਿਲਾ ਆਗੂ ਜਸਵਿੰਦਰ ਕੌਰ ਮਹਿਮਾ ਅਤੇ ਅਮਰਜੀਤ ਕੌਰ ਲੋਚਮਾਂ ਆਦਿ ਨੇ ਵਿਚਾਰ ਰੱਖੇ।