ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਐੱਸ ਡੀ ਐੱਮ ਹਰਬੰਸ ਸਿੰਘ ਦੀ ਅਗਵਾਈ ਵਿੱਚ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਗਈ ਸੀ ਜਿਸ ਤੋਂ ਬਾਅਦ ਗੁਰਮਤਿ ਸੇਵਾ ਸੁਸਾਇਟੀ ਜੰਡਾਲੀ ਕਲਾਂ ਅਤੇ ਨਿਰਮਲੇ ਆਸ਼ਰਮ ਮਲਿਕਪੁਰ ਨਾਲ ਜੁੜੇ ਵੱਡੀ ਗਿਣਤੀ ਪਰਿਵਾਰਾਂ ਨੇ ਗਰੀਨ ਦੀਵਾਲੀ ਮਨਾਈ। ਇਨ੍ਹਾਂ ਵਾਲੰਟੀਅਰਾਂ ਨੇ ਸੰਕੇਤਕ ਰੂਪ ਵਿੱਚ ਸਿਰਫ਼ ਲੜੀਆਂ ਲਗਾ ਕੇ ਮਠਿਆਈਆਂ ਤੇ ਫਲਾਂ ਦੀ ਵਰਤੋਂ ਕਰਨ ਤੋਂ ਇਲਾਵਾ ਆਪਣੇ ਘਰਾਂ ਨੇੜੇ ਫਲਦਾਰ ਤੇ ਛਾਂਦਾਰ ਦਰਖ਼ਤਾਂ ਦੇ ਪੌਦੇ ਲਗਾਏ। ਲੋੜਵੰਦ ਪਰਿਵਾਰਾਂ ਨੂੰ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲੇ ਦੀ ਅਗਵਾਈ ਵਿੱਚ ਪ੍ਰਬੰਧਕਾਂ ਨੇ ਪੌਦੇ, ਮਠਿਆਈਆਂ, ਪੁਸ਼ਾਕਾਂ ਅਤੇ ਹੋਰ ਘਰੇਲੂ ਸਮਾਨ ਭੇਂਟ ਕਰਕੇ ਦੀਵਾਲੀ ਦੀਆਂ ਸ਼ੁਭ ਇੱਛਾਵਾਂ ਭੇਂਟ ਕੀਤੀਆਂ।