ਨਵੀਂ ਦਿੱਲੀ, 24 ਨਵੰਬਰ
‘ਆਈਐੱਸਆਈਐੱਸ ਕਸ਼ਮੀਰ’ ਵੱਲੋਂ ਕਥਿਤ ਤੌਰ ’ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਇੱਥੇ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪੁਲੀਸ (ਕੇਂਦਰੀ) ਨੂੰ ਦਿੱਤੀ ਗਈ ਇਕ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਗੰਭੀਰ ਦੀ ਸਰਕਾਰ ਈ-ਮੇਲ ਆਈਡੀ ’ਤੇ ‘ਆਈਐੱਸਆਈਐੱਸ ਕਸ਼ਮੀਰ’ ਵੱਲੋਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ਭਰੀ ਇਹ ਈ-ਮੇਲ ਮੰਗਲਵਾਰ ਰਾਤ 9.32 ਵਜੇ ਮਿਲੀ ਹੈ। ਇਸ ਈ-ਮੇਲ ਵਿਚ ਲਿਖਿਆ ਹੈ, ‘‘ਅਸੀਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਕਤਲ ਕਰਨ ਜਾ ਰਹੇ ਹਾਂ।’’ ਇਸ ਸ਼ਿਕਾਇਤ ਵਿਚ ਮਾਮਲੇ ਦੀ ਪੜਤਾਲ ਕਰਨ, ਕੇਸ ਦਰਜ ਕਰਨ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ, ਅਜੇ ਤੱਕ ਕੋਈ ਕੇਸ ਦਰਜ ਨਹੀਂ ਹੋਇਆ ਹੈ ਕਿਉਂਕਿ ਮਾਮਲੇ ਦੀ ਪੜਤਾਲ ਜਾਰੀ ਹੈ। -ਪੀਟੀਆਈ