ਸ੍ਰੀਨਗਰ, 6 ਜੁਲਾਈ
ਜੰਮੂ ਕਸ਼ਮੀਰ ਦੇ ਕੁਲਗਾਮ ਵਿੱਚ ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ ਦੇ ਦੋ ਸਥਾਨਕ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ਸਾਹਮਣੇ ਆਤਮ-ਸਮਰਪਣ ਕੀਤਾ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਇਹ ਦੋਨੋਂ ਜਣੇ ਹਾਲ ’ਚ ਹੀ ਇਸ ਦਹਿਸ਼ਤਗਰਦ ਗੁੱਟ ਵਿੱਚ ਸ਼ਾਮਲ ਹੋਏ ਸਨ। ਪੁਲੀਸ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਹਾਦੀਗਮ ਇਲਾਕੇ ਵਿੱਚ ਮੁਕਾਬਲਾ ਮੰਗਲਵਾਰ ਰਾਤ ਨੂੰ ਸ਼ੁਰੂ ਹੋਇਆ ਸੀ। ਕਸ਼ਮੀਰ ਜ਼ੋਨ ਪੁਲੀਸ ਨੇ ਟਵੀਟ ਕੀਤਾ, ‘‘ਮੁਕਾਬਲੇ ਦੌਰਾਨ ਦਹਿਸ਼ਤਗਰਦਾਂ ਨੇ ਆਪਣੇ ਮਾਪਿਆਂ ਅਤੇ ਪੁਲੀਸ ਦੇ ਅਪੀਲ ’ਤੇ ਆਤਮ-ਸਮਰਪਣ ਕੀਤਾ ਹੈ। ਉਨ੍ਹਾਂ ਕੋਲੋਂ ਇਤਰਾਜਯੋਗ ਸਮੱਗਰੀ, ਹਥਿਆਰ ਤੇ ਗੋਲੀਸਿੱਕਾ ਬਰਾਮਦ ਹੋਇਆ।’’ ਸ੍ਰੀਨਗਰ ਅਧਾਰਿਤ ਰੱਖਿਆ ਪੀਆਰਓ ਕਰਨਲ ਐਮਰੌਨ ਮੁਸਾਵੀ ਨੇ ਦੱਸਿਆ ਕਿ ਦੋਨੋਂ ਦਹਿਸ਼ਤਗਰਦਾਂ ਦੀ ਪਛਾਣ ਨਦੀਮ ਅੱਬਾਸ ਭੱਟ ਵਾਸੀ ਰੇਸ਼ੀਪੁਰਾ ਕਾਈਮੋਹ ਅਤੇ ਕਾਫੀਲ ਮੀਰ ਵਾਸੀ ਮੀਰਪੁਰਾ ਕਾਈਮੋਹ ਵਜੋਂ ਹੋਈ ਹੈ ਤੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੀਪਲਜ਼ ਡੈਮੋਕਰੈਟਿਕ ਪਾਰਟੀ ਮੁਖੀ ਮਹਬਿੂਬਾ ਮੁਫ਼ਤੀ ਨੇ ਦੋ ਦਹਿਸ਼ਤਗਰਦਾਂ ਨੂੰ ਆਤਮ-ਸਮਰਪਣ ਲਈ ਮਨਾਉਣ ’ਤੇ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਦੇ ਮਾਪਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਹਿਸ਼ਤੀ ਗੁਟਾਂ ’ਚ ਸ਼ਾਮਲ ਹੋਏ ਨੌਜਵਾਨਾਂ ਨੂੰ ਦੂਜਾ ਮੌਕਾ ਦੇਣ ਲਈ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ।