ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 13 ਜੁਲਾਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਵਿਭਾਗੀ ਸਾਹਿਤ ਸਭਾ ਦੇ ਸਹਿਯੋਗ ਨਾਲ ਦੋ ਰੋਜ਼ਾ ‘ਕੁਲਵੰਤ ਸਿੰਘ ਵਿਰਕ ਜਨਮ ਸ਼ਤਾਬਦੀ ਕੌਮਾਂਤਰੀ ਵੈਬਿਨਾਰ’ ਦਾ ਆਗਾਜ਼ ਕੀਤਾ ਗਿਆ। ਗੂਗਲ ਮੀਟ ਅਤੇ ਵਿਭਾਗ ਦੇ ਯੂਟਿਊਬ ਚੈਨਲ ਦੇ ਮਾਧਿਅਮ ਰਾਹੀਂ ਸ਼ੁਰੂ ਹੋਏ ਇਸ ਵੈਬਿਨਾਰ ਵਿੱਚ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਸਿਰਜਣਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੁੱਖ ਮਹਿਮਾਨ ਸੁਰਜੀਤ ਪਾਤਰ ਨੇ ਵਿਰਕ ਦੀ ਸ਼ਖ਼ਸੀਅਤ ਅਤੇ ਉਸਦੀਆਂ ਕਹਾਣੀਆਂ ਦੀ ਭਾਸ਼ਾਈ ਅਮੀਰੀ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਸੈਸ਼ਨ ਕੋਆਰਡੀਨੇਟਰ ਡਾ. ਗੁਰਮੁਖ ਸਿੰਘ ਨੇ ਕਿਹਾ ਕਿ ਵਿਰਕ ਨੂੰ ਯਾਦ ਕਰਨਾ ਵਿਚਾਰਧਾਰਕ ਉਲਾਰਾਂ ਅਤੇ ਤੈਅ-ਸ਼ੁਦਾ ਸੋਚਾਂ ਤੋਂ ਮੁਕਤ ਹੋ ਕੇ ਸੰਵੇਦਨਸ਼ੀਲ ਹੋਣ ਦੀ ਜਾਚ ਸਿੱਖਣਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਮਸ਼ੀਨੀਕਰਨ ਦੇ ਯੁੱਗ ਵਿੱਚ ਵਿਰਕ ਦੀਆਂ ਕਹਾਣੀਆਂ ਵਰਗਾ ਸਾਹਿਤ ਪੜਨ ਦੀ ਜ਼ਰੂਰਤ ਹੈ। ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਨੇ ਵਿਰਕ ਤੋਂ ਪ੍ਰੇਰਨਾ ਲੈਣ ਦੀ ਗੱਲ ਆਖੀ। ਡਾ. ਧਨਵੰਤ ਕੌਰ ਨੇ ਕੁਲਵੰਤ ਸਿੰਘ ਵਿਰਕ ਦੀ ਸਮੁੱਚੀ ਸਿਰਜਣਾ ਬਾਰੇ ਟਿੱਪਣੀ ਕੀਤੀ। ਡੀਨ ਭਾਸ਼ਾਵਾਂ ਪ੍ਰੋ. ਸਤਿਨਾਮ ਸਿੰਘ ਸੰਧੂ ਨੇ ਵਿਰਕ ਨੂੰ ਰਮਜ਼ਾਂ ਸੰਚਾਰਨ ਵਾਲ਼ਾ ਕਹਾਣੀਕਾਰ ਕਿਹਾ।