ਦਿਲਬਾਗ ਸਿੰਘ ਗਿੱਲ
ਅਟਾਰੀ, 3 ਮਈ
ਈਦ-ਉਲ-ਫ਼ਿਤਰ ਮੌਕੇ ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ-ਵਾਹਗਾ ਸਰਹੱਦ ’ਤੇ ਦੋਵਾਂ ਮੁਲਕਾਂ ਦੇ ਸਰਹੱਦੀ ਸੁਰੱਖਿਆ ਦਲਾਂ – ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਜ਼ ਦੇ ਅਧਿਕਾਰੀਆਂ ਵਿਚਕਾਰ ਮਠਿਆਈ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਅਟਾਰੀ-ਵਾਹਗਾ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੀ 144 ਬਟਾਲੀਅਨ ਦੇ ਕਮਾਡੈਂਟ ਜਸਬੀਰ ਸਿੰਘ ਨੇ ਪਾਕਿਸਤਾਨ ਰੇਂਜਰਜ਼ ਦੇ ਵਿੰਗ ਕਮਾਂਡਰ ਮੁਹੰਮਦ ਆਮਿਰ ਨੂੰ ਮਠਿਆਈਆਂ ਭੇਟ ਕੀਤੀ ਅਤੇ ਉਨ੍ਹਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਇਸੇ ਤਰ੍ਹਾਂ ਪਾਕਿਸਤਾਨ ਰੇਂਜਰਜ਼ ਦੇ ਵਿੰਗ ਕਮਾਂਡਰ ਮੁਹੰਮਦ ਆਮਿਰ ਨੇ ਸੀਮਾ ਸੁਰੱਖਿਆ ਬਲ ਦੇ ਕਮਾਡੈਂਟ ਜਸਬੀਰ ਸਿੰਘ ਨੂੰ ਮਠਿਆਈ ਦੇ ਡੱਬੇ ਭੇਟ ਕੀਤੇ ਤੇ ਮੁਬਾਰਕਬਾਦ ਦਿੱਤੀ।
ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਕਮਾਡੈਂਟ ਜਸਬੀਰ ਸਿੰਘ ਨੇ ਕਿਹਾ ਕਿ ਈਦ ਮੁਬਾਰਕ ਮੌਕੇ ਅੱਜ ਸੀਮਾ ਸੁਰੱਖਿਆ ਬਲ ਵੱਲੋਂ ਅਟਾਰੀ-ਵਾਹਗਾ ਸਰਹੱਦ ’ਤੇ ਪਾਕਿਸਤਾਨ ਰੇਂਜਰਜ਼ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ ਹਨ। ਇਹ ਰਵਾਇਤ ਦੋਵਾਂ ਮੁਲਕਾਂ ਵਿਚਕਾਰ ਸਰਹੱਦ ਦੀ ਖੁਸ਼ਹਾਲੀ ਅਤੇ ਸ਼ਾਂਤੀ ਲਈ ਸਹਾਇਕ ਸਿੱਧ ਹੋਵੇਗੀ।
ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਭਾਰਤ ਅਤੇ ਪਾਕਿਸਤਾਨ ਦੇ ਸੁਰੱਖਿਆ ਜਵਾਨਾਂ ਵੱਲੋਂ ਈਦ-ਉਲ-ਫ਼ਿਤਰ ਮੌਕੇ ਮਿਠਾਈਆਂ ਦਾ ਅਦਾਨ-ਪ੍ਰਦਾਨ ਕੀਤਾ ਗਿਆ। ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਦੀ ਸਾਦਕੀ ਚੌਕੀ ’ਤੇ ਬੀਐੱਸਐੱਫ ਦੀ 181 ਬਟਾਲੀਅਨ ਦੇ ਅਧਿਕਾਰੀਆਂ ਵੱਲੋਂ ਮਿਠਾਈਆਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਪਾਕਿਸਤਾਨ ਰੇਂਜਰਜ਼ ਦੇ ਅਧਿਕਾਰੀਆਂ ਵੱਲੋਂ ਵੀ ਬੀਐੱਸਐੱਫ ਨੂੰ ਮਿਠਾਈਆਂ ਦਿੱਤੀਆਂ ਗਈਆਂ ਅਤੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇਕ-ਦੂਜੇ ਨੂੰ ਈਦ ਦੀ ਮੁਬਾਰਕ ਦਿੱਤੀ।