ਗੁਰਨਾਮ ਸਿੰਘ ਅਕੀਦਾ
ਪਟਿਆਲਾ, 13 ਜੁਲਾਈ
ਸ਼ਾਹੀ ਸ਼ਹਿਰ ਪਟਿਆਲਾ ਦੇ ਵਾਰਡ ਨੰਬਰ 19 ਵਿੱਚ ਪੈਂਦੀ ਵਿਰਕ ਕਲੋਨੀ ਦਾ ਸੀਵਰੇਜ ਓਵਰਫਲੋ ਹੋਣ ਕਾਰਨ ਕਲੋਨੀ ਵਾਸੀਆਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਇਸੇ ਦੌਰਾਨ ਕਰੋਨਾ ਦੇ ਦੌਰ ਵਿੱਚ ਹੁਣ ਡੇਂਗੂ ਅਤੇ ਮਲੇਰੀਆ ਦਾ ਖ਼ਤਰਾ ਵੀ ਪੈਦਾ ਹੋ ਗਿਆ ਹੈ। ਸੀਵਰੇਜ ਓਵਰਫਲੋ ਦੀ ਸਮੱਸਿਆ ਦੇ ਹੱਲ ਲਈ ਕਲੋਨੀ ਵਾਸੀ ਰਾਕੇਸ਼ ਸਕਲਾਨੀ ਵਾਰਡ ਇੰਚਾਰਜ ਦੀ ਅਗਵਾਈ ਹੇਠ ਪ੍ਰਿੰਸੀਪਲ ਜੇ. ਪੀ. ਸਿੰਘ ਸੂਬਾ ਸਕੱਤਰ ਐਕਸ-ਮੁਲਾਜ਼ਮ ਵਿੰਗ ਆਮ ਆਦਮੀ ਪਾਰਟੀ ਨੂੰ ਮਿਲੇ ਅਤੇ ਉਨ੍ਹਾਂ ਨੂੰ ਮੌਕਾ ਦਿਖਾਇਆ। ਇਸੇ ਦੌਰਾਨ ਗੰਦੇ ਪਾਣੀ ਉੱਤੇ ਪੈਦਾ ਹੋਏ ਮੱਛਰ ਕਾਰਨ ਪ੍ਰਿੰਸੀਪਲ ਜੇ. ਪੀ. ਸਿੰਘ ਨੇ ਨਗਰ ਨਿਗਮ ਦੇ ਮੇਅਰ, ਅਧਿਕਾਰੀਆਂ ਅਤੇ ਵਾਰਡ ਐੱਮਸੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਜਦੋਂ ਕਾਲੋਨੀ ਵਾਸੀ ਉਨ੍ਹਾਂ ਨੂੰ ਮਿਲੇ ਸਨ ਤਾਂ ਉਸ ਵੇਲੇ ਐੱਮਸੀ ਨਾਲ ਫ਼ੋਨ ’ਤੇ ਗੱਲ ਕੀਤੀ ਗਈ ਸੀ ਜਿਸ ਨੇ ਸੀਵਰੇਜ ਠੀਕ ਨਾ ਹੋਣ ਦਾ ਕਾਰਨ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨੂੰ ਦੱਸਿਆ ਸੀ। ਹੁਣ ਹੜਤਾਲ ਖ਼ਤਮ ਹੋਣ ਦੇ ਬਾਵਜੂਦ ਵੀ ਸੀਵਰੇਜ ਦੀ ਸਫ਼ਾਈ ਨਹੀਂ ਕੀਤੀ ਜਾ ਰਹੀ। ਕਾਲੋਨੀ ਵਾਸੀਆਂ ਨੇ ਨਗਰ ਨਿਗਮ ਮੇਅਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਵਿੱਚ ਸੀਵਰੇਜ ਦਾ ਓਵਰਫਲੋ ਹੋਣਾ ਬੰਦ ਨਾ ਕਰਵਾਇਆ ਗਿਆ ਤਾਂ ਉਹ ਸਖ਼ਤ ਕਦਮ ਚੁੱਕਣ ਲੲਂ ਮਜਬੂਰ ਹੋਣਗੇ।
ਸਮੱਸਿਆ ਹੱਲ ਕਰਨ ਦਾ ਭਰੋਸਾ
ਨਗਰ ਨਿਗਮ ਵਿੱਚ ਸੀਵਰੇਜ ਦੇ ਕੰਮਾਂ ਦੀ ਦੇਖਰੇਖ ਕਰਨ ਵਾਲੇ ਅਧਿਕਾਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਨਿਗਮ ਕੋਲ ਜੋ ਵੀ ਸ਼ਿਕਾਇਤ ਆਉਂਦੀ ਹੈ, ਉਸ ਦਾ ਤੁਰੰਤ ਨਿਪਟਾਰਾ ਕਰਵਾਇਆ ਜਾਂਦਾ ਹੈ। ਵਿਰਕ ਕਾਲੋਨੀ ਵਿੱਚ ਜੇਕਰ ਸੀਵਰੇਜ ਓਵਰਫਲੋ ਹੋਇਆ ਹੈ ਤਾਂ ਉਸ ਨੂੰ ਛੇਤੀ ਹੀ ਚੈੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਗਮ ਦਫ਼ਤਰ ਵਿੱਚ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਸ ਸਬੰਧੀ ਕੋਈ ਸ਼ਿਕਾਇਤ ਲੰਬਿਤ ਨਾ ਪਈ ਹੋਵੇ।