ਨਿੱਜੀ ਪੱਤਰ ਪ੍ਰੇਰਕ
ਧੂਰੀ, 3 ਅਪਰੈਲ
ਪੱਲੇਦਾਰ ਯੂਨੀਅਨਾਂ ਵੱਲੋਂ ਬੜੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਉੱਤੇ ਲਾਗੂ ਕੀਤਾ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਪੱਲੇਦਾਰ ਯੂਨੀਅਨ ਧੂਰੀ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਬੜੇ ਲੰਮੇ ਸਮੇਂ ਤੋਂ ਪੱਲੇਦਾਰਾਂ ਦੀ ਠੇਕੇਦਾਰਾਂ ਵੱਲੋਂ ਲੁੱਟ ਕੀਤੀ ਜਾ ਰਹੀ ਹੈ ਠੇਕੇਦਾਰ ਪੱਲੇਦਾਰਾਂ ਤੋਂ ਆਪਣੇ ਮੁਤਾਬਕ ਕੰਮ ਕਰਵਾਉਂਦਾ ਹੈ ਅਤੇ ਅਦਾਇਗੀ ਵੀ ਆਪਣੇ ਮੁਤਾਬਕ ਹੀ ਕਰਦਾ ਹੈ ਕਈ ਵਾਰ ਠੇਕੇਦਾਰ ਬਿਨਾਂ ਪੈਸੇ ਦਿੱਤੇ ਭੱਜ ਜਾਂਦੇ ਹਨ। ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਪੱਲੇਦਾਰ ਯੂਨੀਅਨਾਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਚੰਨੀ ਸਰਕਾਰ ਨੇ ਪੂਰਨ ਤੌਰ ’ਤੇ ਭਰੋਸਾ ਵੀ ਦਿਵਾਇਆ ਸੀ ਕਿ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇਗਾ। ਸਿੱਧੀ ਅਦਾਇਗੀ ਪੱਲੇਦਾਰਾਂ ਨਾਲ ਕੀਤੀ ਜਾਵੇਗੀ। ਪਰ ਕੁਝ ਵੀ ਲਾਗੂ ਨਾ ਹੋ ਸਕਿਆ। ਅਮਰਜੀਤ ਸਿੰਘ ਪ੍ਰਧਾਨ ਪੱਲੇਦਾਰ ਯੂਨੀਅਨ ਧੂਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਜਿਸ ਵਿਚ ਹਾਈ ਕੋਰਟ ਨੇ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਾਈ ਕੋਰਟ ਉਪਰ ਪੂਰਨ ਤੌਰ ’ਤੇ ਭਰੋਸਾ ਹੈ ਕਿ ਠੇਕੇਦਾਰੀ ਸਿਸਟਮ ਨੂੰ ਬੰਦ ਕਰ ਕੇ ਫ਼ੈਸਲਾ ਪੱਲੇਦਾਰ ਯੂਨੀਅਨ ਦੇ ਹੱਕ ਵਿੱਚ ਕਰੇਗੀ ਅਤੇ ਸਿੱਧੀ ਅਦਾਇਗੀ ਦਾ ਹੱਕ ਪੱਲੇਦਾਰ ਯੂਨੀਅਨਾਂ ਦਾ ਹੋਵੇਗਾ।