ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਕਤੂਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਪਾਸ ਕੀਤੇ ਗਏ ਖੇਤੀ ਸੋਧ ਬਿੱਲਾਂ ਨੂੰ ਛੇਤੀ ਸਹਿਮਤੀ ਦਿਵਾਉਣ ਲਈ ਵਿਧਾਇਕਾਂ ਨੂੰ ਨਾਲ ਲੈ ਕੇ 4 ਨਵੰਬਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲਣ ਜਾਣਗੇ। ਮੁੱਖ ਮੰਤਰੀ ਨੇ ਅੱਜ ਸਮੂਹ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਖੇਤੀ ਸੋਧ ਬਿੱਲਾਂ ‘ਤੇ ਸਹਿਮਤੀ ਲਈ 4 ਨਵੰਬਰ ਨੂੰ ਰਾਸ਼ਟਰਪਤੀ ਨੂੰ ਮਿਲਣ ਅਤੇ ਯਾਦ ਪੱਤਰ ਦੇਣ ਲਈ ਉਨ੍ਹਾਂ ਨਾਲ ਚੱਲਣ ਦੀ ਅਪੀਲ ਕੀਤੀ ਹੈ। ਵਿਰੋਧੀ ਧਿਰਾਂ ਲਈ ਕਸੂਤੀ ਸਥਿਤੀ ਬਣਨ ਦੀ ਸੰਭਾਵਨਾ ਹੈ, ਜੋ ਖੇਤੀ ਸੋਧ ਬਿੱਲਾਂ ਵਿੱਚ ਖਾਮੀਆਂ ਹੋਣ ਦਾ ਜ਼ਿਕਰ ਰਹੀਆਂ ਹਨ। ਜੇਕਰ ਉਹ ਰਾਸ਼ਟਰਪਤੀ ਕੋਲ ਜਾਣ ਤੋਂ ਇਨਕਾਰ ਕਰਨਗੀਆਂ ਤਾਂ ਉਸ ਦਾ ਕਿਸਾਨਾਂ ਵਿੱਚ ਗਲਤ ਸੰਦੇਸ਼ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਅੱਜ ਜਾਰੀ ਬਿਆਨ ਰਾਹੀਂ ਸਮੂਹ ਵਿਧਾਇਕਾਂ ਨੂੰ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਖੜ੍ਹੇ ਹੋਣ ਅਤੇ ਪਾਰਟੀ ਲੀਹਾਂ ਤੋਂ ਉਪਰ ਉੱਠਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਿੱਤਾਂ ਨੂੰ ਲਤਾੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸਾਡੇ ਆਰਥਿਕ ਢਾਂਚੇ ਦੇ ਨਾਲ-ਨਾਲ ਮੰਡੀ ਪ੍ਰਣਾਲੀ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਹਿਫਾਜ਼ਤ ਕਰਨਾ ਉਨ੍ਹਾਂ ਦਾ ਫਰਜ਼ ਬਣਦਾ ਹੈ ਅਤੇ ਹਾਲ ਹੀ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਸੋਧ ਬਿੱਲ ਇਸ ਦਾ ਪ੍ਰਤੱਖ ਤੌਰ ‘ਤੇ ਪ੍ਰਗਟਾਵਾ ਕਰਦੇ ਹਨ।