ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 3 ਅਪਰੈਲ
ਹੁਣ ਜਦੋਂ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੇ ਮਹਿੰਗੇ ਭਾਅ ’ਤੇ ਸਕੂਲਾਂ ਦੀ ਮਰਜ਼ੀ ਵਾਲੀਆਂ ਦੁਕਾਨਾਂ ਤੋਂ ਕਿਤਾਬਾਂ ਦੀ ਖਰੀਦ ਕਰ ਲਈ ਹੈ ਤਾਂ ‘ਪੈਰੇਂਟਸ ਐਸੋਸੀਏਸ਼ਨ’ ਨੇ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ| ਕਿਤਾਬਾਂ ਦੀ ਲੁੱਟ ਦਾ ਮਾਮਲਾ ਪਿਛਲੇ ਇਕ ਮਹੀਨੇ ਤੋਂ ਗਰਮਾਇਆ ਹੋਇਆ ਹੈ| ਡਿਪਟੀ ਕਮਿਸ਼ਨਰ ਤੋਂ ਲੈ ਕੇ ਵਿਧਾਇਕਾਂ ਤੱਕ ਇਹ ਮੁੱਦਾ ਪਹੁੰਚਿਆ ਹੈ ਪਰ ਸਿਵਾਏ ਕਾਗਜ਼ੀ ਕਾਰਵਾਈ ਦੇ ਕੁਝ ਨਹੀਂ ਹੋਇਆ| ਪੇਰੈਂਟਸ ਐਸੋਸੀਏਸ਼ਨ ਦੇ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਤੇ ਲੁੱਟ ਖ਼ਿਲਾਫ਼ ਮੁੜ ਸਰਗਰਮੀ ਸ਼ੁਰੂ ਕਰਦਿਆਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਸ੍ਰੀ ਮੁਕਤਸਰ ਸਾਹਿਬ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਨੇ ਪੁਰਾਣੀ ਕਮੇਟੀ ਭੰਗ ਕਰਦਿਆਂ ਐਡਹਾਕ ਕਮੇਟੀ ਦਾ ਗਠਨ ਕੀਤਾ।
ਪਵਨ ਕੁਮਾਰ ਦੀ ਅਗਵਾਈ ਹੇਠ ਹਾਜ਼ਰ ਮੈਂਬਰਾਂ ਅੰਗਰੇਜ਼ ਸਿੰਘ, ਬਲਵਿੰਦਰ ਕੁਮਾਰ, ਮਨਜੀਤ ਕੁਮਾਰ, ਗੁਰਸੇਵਕ ਸਿੰਘ, ਕਰਮਜੀਤ ਸਿੰਘ, ਗੁਰਸੇਵਕ ਸਿੰਘ, ਜਗਤ ਸਿੰਘ ਨਾਗਰਾ, ਪ੍ਰਤਾਪ ਸਿੰਘ, ਅਮਰੀਕ ਸਿੰਘ, ਦਲਬੀਰ ਸਿੰਘ ਅਰੁਣ ਸੇਠੀ ਤੇ ਪਰਮਿੰਦਰ ਸਿੰਘ ਨੇ ਅਡਹਾਕ ਕਮੇਟੀ ਦਾ ਗਠਨ ਕਰਦਿਆਂ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮਾਪਿਆਂ ਨੂੰ ਲਾਮਬੰਦ ਕਰਦਿਆਂ ਪੇਰੈਂਟਸ ਐਸੋਸੀਏਸ਼ਨ ਵੱਲੋਂ ਨਵੀਂ ਕਮੇਟੀ ਦੀ ਬਕਾਇਦਾ ਚੋਣ ਕੀਤੀ ਜਾਵੇਗੀ। ਇਸ ਮੌਕੇ ਹਾਜ਼ਰ ਕਮੇਟੀ ਆਗੂਆਂ ਨੇ ਦੱਸਿਆ ਕਿ ਸਾਲਾਨਾ ਚਾਰਜਸ ਦੇ ਨਾਂ ’ਤੇ ਹੁੰਦੀ ਲੁੱਟ ਰੋਕਣ ਲਈ ਆਉਣ ਵਾਲੇ ਦਿਨਾਂ ਵਿੱਚ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਾਈਵੇਟ ਸਕੂਲਾਂ ਨੇ ਕਿਤਾਬਾਂ ਵਾਲਿਆਂ ਨਾਲ ਗਠਜੋੜ ਕਰਕੇ ਤੇ ਹਰ ਸਾਲ ਕਿਤਾਬਾਂ ਦੀ ਤਬਦੀਲੀ ਕਰਕੇ ਮਾਪਿਆਂ ਨੂੰ ਨਵੀਆਂ ਕਿਤਾਬਾਂ ਤੇ ਵਰਦੀਆਂ ਸ਼ਹਿਰ ਦੀ ਇੱਕੋ ਦੁਕਾਨ ਤੋਂ ਲੈਣ ਲਈ ਮਜ਼ਬੂਰ ਕੀਤਾ ਹੈ ਇਸਦੇ ਖ਼ਿਲਾਫ਼ ਉਹ ਮਾਪਿਆਂ ਨੂੰ ਲਾਮਬੰਦ ਕਰਦੇ ਹੋਏ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਸੰਘਰਸ਼ ਵਿੱਚ ਸ਼ਾਮਲ ਕਰਨਗੇ। ਇਸ ਮੌਕੇ ਹਰਭਜਨ ਸਿੰਘ, ਬੀਡੀ ਖੁਰਾਣਾ, ਕਪਿਲ ਕੁਮਾਰ ਅਤੇ ਰਾਜ ਕੁਮਾਰ ਹਾਜ਼ਰ ਸਨ।