ਨਵੀਂ ਦਿੱਲੀ, 26 ਅਕਤੂਬਰ
ਸੰਯੁਕਤ ਰਾਸ਼ਟਰ ਅਤਿਵਾਦ ਵਿਰੋਧੀ ਕਮੇਟੀ ਦੀ ਦੋ ਦਿਨਾ ਮੀਟਿੰਗ 28 ਤੇ 29 ਅਕਤੂਬਰ ਨੂੰ ਹੋਵੇਗੀ। ਮੀਟਿੰਗ ਵਿੱਚ ਇੰਟਰਨੈੱਟ ਦੀ ਵਰਤੋਂ, ਨਵੀਂ ਭੁਗਤਾਨ ਪ੍ਰਣਾਲੀ ਅਤੇ ਮਨੁੱਖ ਰਹਿਤ ਹਵਾਈ ਸਿਸਟਮ ਦੀ ਵਰਤੋਂ ਕਰਨ ਵਾਲੇ ਅਤਿਵਾਦੀ ਸਮੂਹਾਂ ਨਾਲ ਨਜਿਠਣ ਦੇ ਤਰੀਕਿਆਂ ’ਤੇ ਚਰਚਾ ਕੀਤੀ ਜਾਵੇਗੀ। ਪਹਿਲੇ ਦਿਨ ਦੀ ਮੀਟਿੰਗ ਮੁੰਬਈ ਵਿੱਚ 28 ਅਕਤੂਬਰ ਨੂੰ ਹੋਵੇਗੀ ਜਦੋਂ ਕਿ ਦੂਜੇ ਦਿਨ ਦੀ ਮੀਟਿੰਗ ਦਿੱਲੀ ਵਿੱਚ ਹੋਵੇਗੀ। ਸੰਯੁਕਤ ਰਾਸ਼ਟਰ ਵਿੱਚ ਭਾਰਤੀ ਸਫੀਰ ਅਤੇ ਸੰਯੁਕਤ ਰਾਸ਼ਟਰ ਕਮੇਟੀ ਦੀ ਚੇਅਰਮੈਨ ਰੁਚਿਕਾ ਕੰਬੋਜ ਨੇ ਦੱਸਿਆ ਕਿ ਅਤਿਵਾਦ ਕੌਮਾਂਤਰੀ ਸੁਰੱਖਿਆ ਅਤੇ ਸ਼ਾਂਤੀ ਲਈ ਸਭ ਤੋਂ ਵੱਡਾ ਖ਼ਤਰਾ ਹੈ। ਵਿਦੇਸ਼ ਮੰਤਰਾਲੇ ਦੇ ਸਕੱਤਰ ਸੰਜੈ ਵਰਮਾ ਨੇ ਕਿਹਾ ਕਿ ਬਰਤਾਨੀਆ ਦੇ ਵਿਦੇਸ਼ ਸਕੱਤਰ ਜੇਮਸ ਕਲੇਵਰਲੀ ਮੁੰਬਈ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਮੁੰਬਈ ਵਿੱਚ ਤਾਜ ਹੋਟਲ ’ਚ 26/11 ਅਤਿਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਹਾਜ਼ਰ ਰਹਿਣਗੇ। ਮੀਟਿੰਗ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 15 ਮੈਂਬਰਾਂ ਸਮੇਤ ਹੋਰ ਪ੍ਰਤੀਨਿਧ ਹਿੱਸਾ ਲੈਣਗੇ। -ਪੀਟੀਆਈ