ਭਗਵਾਨ ਦਾਸ ਸੰਦਲ
ਦਸੂਹਾ, 13 ਜੁਲਾਈ
ਇਥੇ ਜਲੰਧਰ-ਪਠਾਨਕੋਟ ਕੌਮੀ ਮਾਰਗ ਦੇ ਹਾਜ਼ੀਪੁਰ ਚੌਕ ਵਿੱਚ ਤੜਕੇ ਦੋ ਟਿੱਪਰਾਂ ਤੇ ਬੋਲੇਰੋ ਜੀਪ ਵਿਚਕਾਰ ਹੋਈ ਟੱਕਰ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸ਼ੁਭਾਸ਼ ਚੰਦਰ (28) ਪੁੱਤਰ ਮਨੋਹਰ ਲਾਲ, ਦਾਨਿਸ਼ (30) ਪੁੱਤਰ ਫਰਮਾਨ ਮਸੀਹ ਤੇ ਹੀਰਾ ਮਸੀਹ ਪੁੱਤਰ ਸਰਦਾਰ ਮਸੀਹ। ਤਿੰਨੋਂ ਪੁਰਾਣਾ ਸ਼ਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਾਸੀ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਦਸੂਹਾ ਮੁਨੀਸ਼ ਸ਼ਰਮਾ ਤੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਸੂਹਾ ਪਹੁੰਚਾਉਣ ਦਾ ਪ੍ਰਬੰਧ ਕੀਤਾ। ਜ਼ਿਕਰਯੋਗ ਹੈ ਕਿ ਬੋਲੇਰੋ ਗੱਡੀ ਨੰਬਰ ਪੀਬੀ 02- ਏਵਾਈ 7160 ਜੋ ਲੱਕੜ ਮੰਡੀ ਹੁਸ਼ਿਆਰਪੁਰ ਤੋਂ ਲੱਕੜ ਲੱਦ ਕੇ ਦਸੂਹਾ ਰਾਹੀਂ ਗੁਰਦਾਸਪੁਰ ਨੂੰ ਜਾ ਰਹੀ ਸੀ। ਜਦੋਂ ਬੋਲੇਰੋ ਸਥਾਨਕ ਹਾਜ਼ੀਪੁਰ ਚੌਕ ਪੁੱਜੀ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਨੰਬਰ ਪੀਬੀ 07 ਏਆਰ 0062 ਨੇ ਉਸ ਨੂੰ ਟੱਕਰ ਮਾਰ ਦਿੱਤੀ, ਜੋ ਅੱਗੇ ਜਾ ਰਹੇ ਟਿੱਪਰ ਨੰਬਰ ਪੀਬੀ 07 ਬੀਐਕਸ 0062 ਨਾਲ ਟਕਰਾ ਗਈ। ਪਿੱਛੋਂ ਟੱਕਰ ਮਾਰਨ ਵਾਲੇ ਟਿੱਪਰ ਦੇ ਬਰੇਕ ਨਾ ਲਗਾਉਣ ਕਾਰਨ ਬੋਲੇਰੋ ਗੱਡੀ ਦੋਨਾਂ ਟਿੱਪਰਾਂ ਵਿਚਕਾਰ ਬੁਰੀ ਤਰ੍ਹਾਂ ਨੱਪੀ ਗਈ। ਸਿੱਟੇ ਵਜੋਂ ਬੋਲੇਰੋ ਦਾ ਡਰਾਈਵਰ ਸ਼ੁਭਾਸ਼ ਚੰਦਰ ਤੇ ਉਸ ਦੇ ਦੋ ਸਾਥੀ ਦਾਨਿਸ਼ ਅਤੇ ਹੀਰਾ ਮਸੀਹ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧੀ ਟਿੱਪਰ ਨੰਬਰ ਪੀਬੀ 07 ਏਆਰ 0062 ਦੇ ਡਰਾਈਵਰ ਲੁਭਾਇਆ ਪੁੱਤਰ ਕਰਨੈਲ ਰਾਮ ਵਾਸੀ ਜ਼ਿਲ੍ਹਾ ਜਲੰਧਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।