ਨਵੀਂ ਦਿੱਲੀ, 20 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ’ਚ ਅਜਿਹਾ ਪ੍ਰਬੰਧ ਬਣਾਇਆ ਜਾ ਰਿਹਾ ਹੈ ਜਿਥੇ ਵਿਤਕਰੇ ਲਈ ਕੋਈ ਥਾਂ ਨਹੀਂ ਹੋਵੇਗੀ। ‘ਆਜ਼ਾਦੀ ਕੇ ਅੰਮ੍ਰਿਤ ਮਹਾਉਤਸਵ ਸੇ ਸਵਰਨਿਮ ਭਾਰਤ ਕੀ ਓਰ’ ਸਮਾਗਮ ਦਾ ਵਰਚੁਅਲੀ ਆਗਾਜ਼ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਦੀ ਤਰੱਕੀ ਰਾਸ਼ਟਰ ਦੀ ਤਰੱਕੀ ਨਾਲ ਜੁੜੀ ਹੁੰਦੀ ਹੈ। ਉਨ੍ਹਾਂ ਦੇਸ਼ ਦੀ ਤਰੱਕੀ ਲਈ ਫਰਜ਼ਾਂ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੱਤਾ।
ਸ੍ਰੀ ਮੋਦੀ ਨੇ ਦੁਨੀਆ ਸਮੇਤ ਹੋਰ ਥਾਵਾਂ ’ਤੇ ਭਾਰਤ ਦੀ ਦਿਖ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਟਾਕਰੇ ਅਤੇ ਦੇਸ਼ ਦੀ ਸਹੀ ਤਸਵੀਰ ਪੇਸ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ,‘‘ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਸਾਡੇ ਸਮਾਜ, ਮੁਲਕ ਅਤੇ ਸਾਰਿਆਂ ’ਚ ਬੇਚੈਨੀ ਦੀ ਭਾਵਨਾ ਹੈ। ਅਸੀਂ ਆਪਣੇ ਫ਼ਰਜਾਂ ਤੋਂ ਮੂੰਹ ਮੋੜ ਲਿਆ ਹੈ ਅਤੇ ਉਨ੍ਹਾਂ ਨੂੰ ਤਰਜੀਹ ਨਹੀਂ ਦਿੰਦੇ ਹਾਂ।’’ ਬ੍ਰਹਮ ਕੁਮਾਰੀਆਂ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੇ ਇਨ੍ਹਾਂ ਸਾਰੇ ਸਾਲਾਂ ਦੌਰਾਨ ਆਪਣੇ ਹੱਕਾਂ ਦੀ ਗੱਲ ਕੀਤੀ ਅਤੇ ਉਨ੍ਹਾਂ ਲਈ ਲੜੇ ਵੀ। ਸ੍ਰੀ ਮੋਦੀ ਨੇ ਕਿਹਾ ਕਿ ਹਰੇਕ ਨਾਗਰਿਕ ਦੇ ਦਿਲ ਨੂੰ ਰੌਸ਼ਨ ਕਰਨ ਦੀ ਲੋੜ ਹੈ। ‘ਅਸੀਂ ਸਾਰੇ ਰਲ ਕੇ ਮੁਲਕ ਨੂੰ ਫਰਜ਼ਾਂ ਦੇ ਰਾਹ ’ਤੇ ਤੋਰ ਸਕਦੇ ਹਾਂ ਜਿਸ ਨਾਲ ਸਮਾਜ ’ਚ ਫੈਲੀਆਂ ਬੁਰਾਈਆਂ ਨੂੰ ਖ਼ਤਮ ਕੀਤਾ ਜਾ ਸਕੇਗਾ ਅਤੇ ਮੁਲਕ ਨਵੀਆਂ ਉਚਾਈਆਂ ਵੱਲ ਵਧੇਗਾ।’ ਉਨ੍ਹਾਂ ਕਿਹਾ ਕਿ ਅੰਮ੍ਰਿਤ ਕਾਲ ਸਿਰਫ਼ ਸੁਪਨੇ ਲੈਣ ਦਾ ਨਹੀਂ ਸਗੋਂ ਆਪਣੇ ਅਹਿਦਾਂ ਨੂੰ ਪੂਰਾ ਕਰਨ ਦਾ ਸਮਾਂ ਹੁੰਦਾ ਹੈ। ‘ਆਉਂਦੇ 25 ਵਰ੍ਹੇ ਸਖ਼ਤ ਮਿਹਨਤ, ਬਲਿਦਾਨ ਅਤੇ ਤਪੱਸਿਆ ਦੇ ਹਨ। ਇਹ ਉਹ ਸਮਾਂ ਹੋਵੇਗਾ ਜਿਹੜਾ ਅਸੀਂ ਸੈਂਕੜੇ ਵਰ੍ਹਿਆਂ ਦੀ ਗੁਲਾਮੀ ’ਚ ਗੁਆ ਲਿਆ ਸੀ।’ ਇਸ ਮੌਕੇ ਲੋਕ ਸਭਾ ਸਪੀਕਰ ਓਮ ਬਿਰਲਾ, ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ, ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ, ਭੁਪੇਂਦਰ ਯਾਦਵ, ਅਰਜੁਨ ਰਾਮ ਮੇਘਵਾਲ, ਪਰਸ਼ੋਤਮ ਰੁਪਾਲਾ ਅਤੇ ਕੈਲਾਸ਼ ਚੌਧਰੀ ਨੇ ਵੀ ਵਰਚੁਅਲੀ ਸਮਾਗਮ ’ਚ ਹਾਜ਼ਰੀ ਲੁਆਈ। -ਪੀਟੀਆਈ