ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਗਸਤ
ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਖੇਤੀ ਅਤੇ ਬਾਗ਼ਬਾਨੀ ਮਾਹਿਰਾਂ ਨਾਲ ਮੀਟਿੰਗ ਕਰਕੇ ਪੰਜਾਬ ਨੂੰ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਰੋਡਮੈਪ ’ਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਆਉਂਦੇ ਪੰਜ ਸਾਲਾਂ ਵਿਚ ਪੰਜਾਬ ਨੂੰ ਫ਼ਸਲੀ ਚੱਕਰ ਵਿੱਚੋਂ ਬਾਹਰ ਕੱਢਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਠੋਸ ਕਦਮ ਚੁੱਕੇ ਜਾਣਗੇ, ਜਿਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇਗਾ। ਖੇਤੀ ਮੰਤਰੀ ਨੇ ਮੀਟਿੰਗ ਦੌਰਾਨ ਦੁਨੀਆ ਭਰ ਦੇ ਖੇਤੀਬਾੜੀ ਮਾਹਿਰਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਣਕ-ਝੋਨੇ ਦੇ ਬਦਲਵੇਂ ਲਾਹੇਵੰਦ ਹੱਲ ਲਈ ਸੁਝਾਅ ਦੇਣ, ਜਿਨ੍ਹਾਂ ਨੂੰ ਲਾਗੂ ਕਰਨ ਲਈ ਸਰਕਾਰ ਵੱਲੋਂ ਸੁਹਿਰਦ ਯਤਨ ਕੀਤੇ ਜਾਣਗੇ। ਸ੍ਰੀ ਧਾਲੀਵਾਲ ਕਿਹਾ ਕਿ ਸਬਜ਼ੀਆਂ ਅਤੇ ਫਲਾਂ ਵਿਚ ਟਿਸ਼ੂ ਕਲਚਰ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਵੱਲੋਂ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਜਿਸ ਲਈ ਮਾਹਿਰ ਆਪਣੇ ਸੁਝਾਅ ਖੇਤੀਬਾੜੀ ਵਿਭਾਗ ਨਾਲ ਸਾਂਝੇ ਕਰਨ। ਮੰਤਰੀ ਨੇ ਕਿਹਾ ਕਿ ਫਲ ਅਤੇ ਸਬਜ਼ੀਆਂ ਬਹੁਤਾ ਦੇਰ ਸੰਭਾਲ ਕੇ ਨਹੀਂ ਰੱਖੀਆਂ ਜਾ ਸਕਦੀਆਂ ਉਨ੍ਹਾਂ ਕਿਹਾ ਕਿ ਜਹਾਜ਼ਾਂ ਰਾਹੀ ਫਲ ਅਤੇ ਸਬਜ਼ੀਆਂ ਭੇਜਣਾ ਵੀ ਕਿਸਾਨਾਂ ਨੂੰ ਮਹਿੰਗਾ ਸੌਦਾ ਹੈ। ਸੂਬੇ ਵਿਚ ਹੀ ਸਿੱਧਾ ਮੰਡੀਕਰਨ ਢਾਂਚਾ ਖੜ੍ਹਾ ਕਰਨ ਲਈ ਕਿਸਾਨਾਂ ਲਈ ਛੋਟੇ ਕੋਲਡ ਸਟੋਰ ਅਤੇ ਪੈਕਹਾਊਸ ਬਣਾਏ ਜਾਣਗੇ ਤਾਂ ਜੋ ਫਲਾਂ ਅਤੇ ਸਬਜ਼ੀਆਂ ਨੂੰ ਕਈ ਦਿਨ ਸੰਭਾਲ ਕੇ ਰੱਖਿਆ ਜਾ ਸਕੇ ਅਤੇ ਵਧੀਆ ਮੁੱਲ ’ਤੇ ਕਿਸਾਨ ਸਿੱਧਾ ਖਪਤਕਾਰਾਂ ਨੂੰ ਵੇਚ ਸਕਣ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ, ਡਾਇਰੈਕਟਰ ਗੁਰਵਿੰਦਰ ਸਿੰਘ, ਬਾਗ਼ਬਾਨੀ ਵਿਭਾਗ ਦੀ ਡਾਇਰੈਕਟਰ ਡਾ. ਸ਼ਲਿੰਦਰ ਕੌਰ ਤੇ ਹੋਰ ਹਾਜ਼ਰ ਸਨ।