ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਾਰਚ
ਸਿੰਘੂ ਬਾਰਡਰ ’ਤੇ ਜਿੱਥੇ ਕਿਸਾਨ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਚਾਉਣ ਲਈ 104 ਦਿਨਾਂ ਤੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਡੱਟੇ ਹੋਏ ਹਨ ਉੱਥੇ ਹੀ ਬਾਲ ਉਮਰੇ ਇਕ ਬਾਲੜੀ ਰੱਸੀ ਉਪਰ ਕਰਤਬ ਦਿਖਾ ਕੇ ਜਾਨ ਜੋਖ਼ਮ ਵਿੱਚ ਪਾ ਕੇ ਇਕੱਠੇ ਹੋਏ ਕਿਸਾਨਾਂ ਦਾ ਮਨੋਰੰਜਨ ਕਰਦੀ ਹੈ ਤਾਂ ਜੋ ਉਹ ਤੇ ਉਸ ਦਾ ਪਰਿਵਾਰ ਆਪਣੇ ਪੇਟ ਭਰ ਸਕਣ।
ਇਸ ਬੱਚੀ ਨਾਲ ਉਸ ਦੀ ਮਾਂ ਤੇ ਪਿਓ ਵੀ ਹਨ ਅਤੇ ਉਨ੍ਹਾਂ ਤਿਰਛੇ ਕਰ ਕੇ ਬੰਨ੍ਹੇ ਬਾਂਸਾਂ ਦੇ ਸਹਾਰੇ ਇੱਕ ਰੱਸੀ ਹਵਾ ਵਿੱਚ ਕਰੀਬ ਸੱਤ ਫੁੱਟ ਉੱਚੀ ਬੰਨ੍ਹੀ ਤੇ ਉਸ ਰੱਸੀ ਉੱਪਰ ਬੱਚੀ ਨੇ ਕਰਤਬ ਦਿਖਾਏ। ਹਾਲਾਂਕਿ ਉਸ ਦੀ ਐਨੀ ਕਮਾਈ ਨਹੀਂ ਹੋਈ ਜਿਸ ਦੀ ਉਹ ਉਮੀਦ ਕਰ ਰਹੇ ਸਨ। ਉਨ੍ਹਾਂ ਦਾ ਖੇਡ ਦੇਖਣ ਲਈ ਜ਼ਿਆਦਾਤਰ ਕਿਸਾਨ ਹੀ ਆਏ ਹੋਏ ਸਨ ਜਿਨ੍ਹਾਂ ਦੇ ਸਿਰ ਪਹਿਲਾਂ ਹੀ ਮੁਸੀਬਤਾਂ ਪੈ ਚੁੱਕੀਆਂ ਹਨ ਤੇ ਉਨ੍ਹਾਂ ਆਪਣੇ ਕੋਲ ਬਹੁਤੇ ਪੈਸੇ ਵੀ ਨਕਦ ਨਹੀਂ ਰੱਖੇ ਹੋਏ ਹਨ।