ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 9 ਮਾਰਚ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਅੰਦਰ ਹੀ ਅੰਦਰ ਚੱਲ ਰਹੀ ਖਿੱਚ ਧੂਹ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਪ੍ਰਧਾਨ ਅਤੇ ਕਾਰਜਕਾਰਨੀ ਦੇ ਮੈਂਬਰ ਇੱਕ-ਦੂਜੇ ’ਤੇ ਦੋਸ਼ ਲਾ ਕੇ ਆਪਣੇ ਆਪ ਨੂੰ ਪਾਕ-ਸ਼ਾਫ ਸਾਬਿਤ ਕਰਨ ਵਿੱਚ ਲੱਗੇ ਹੋਏ ਹਨ। ਇਸ ਤਰ੍ਹਾਂ ਕਮੇਟੀ ਦੋ ਧੜਿਆਂ ਵਿੱਚ ਵੰਡੀ ਜਾ ਚੁੱਕੀ ਹੈ। ਕਮੇਟੀ ਮੈਂਬਰ ਅਪਾਰ ਸਿੰਘ ਕਿਸ਼ਨਗੜ੍ਹ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਛੇ ਮਹੀਨੇ ਦੇ ਅੰਦਰ ਹੀ ਦਾਦੂਵਾਲ ਦੀ ਅਸਲੀਅਤ ਸਿੱਖ ਸੰਗਤ ਦੇ ਸਾਹਮਣੇ ਆ ਗਈ ਹੈ ਜਿਸ ਆਸ ਅਤੇ ਵਿਸ਼ਵਾਸ ਨਾਲ ਸਿੱਖ ਸੰਗਤ ਨੇ ਦਾਦੂਵਾਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਸੌਂਪੀ ਸੀ, ਉਸ ’ਤੇ ਦਾਦੂਵਾਲ ਛੇ ਮਹੀਨਿਆਂ ਵਿੱਚ ਹੀ ਫੇਲ੍ਹ ਹੋ ਗਏ ਹਨ ਅਤੇ ਮੈਂਬਰਾਂ ਦਾ ਉਨ੍ਹਾਂ ਤੋਂ ਵਿਸ਼ਵਾਸ ਉਠ ਚੁੱਕਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 34 ਮੈਂਬਰਾਂ ਵਿੱਚੋਂ 28 ਮੈਂਬਰ ਦਾਦੂਵਾਲ ਦੇ ਖ਼ਿਲਾਫ਼ ਹਨ ਅਤੇ ਝੀਂਡਾ ਗੁਰੱਪ ਦੇ ਨਾਲ ਹਨ। ਉਨ੍ਹਾਂ ਦਾਦੂਵਾਲ ਨੂੰ ਪ੍ਰਧਾਨ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਛੇਤੀ ਹੀ ਆਪਣਾ ਨਵਾਂ ਪ੍ਰਧਾਨ ਚੁਣਨਗੇ। ਉਨ੍ਹਾਂ ਦੋਸ਼ ਲਾਇਆ ਕਿ ਛੇ ਮਹੀਨਿਆਂ ਵਿੱਚ ਦਾਦੂਵਾਲ ਨੇ ਕੇਵਲ ਸੋਸ਼ਲ ਮੀਡੀਆ ’ਤੇ ਹੀ ਆਪਣੀਆਂ ਖ਼ਬਰਾਂ ਅਤੇ ਪ੍ਰਸ਼ੰਸਾ ਦੇ ਪੁਲ ਬੰਨ੍ਹਣ ਤੋਂ ਇਲਾਵਾ ਕੋਈ ਅਜਿਹਾ ਕੰਮ ਨਹੀਂ ਕੀਤਾ ਜੋ ਸਿੱਖ ਸਮਾਜ ਦੇ ਹਿੱਤ ਵਿੱਚ ਹੋਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਬਣਦੇ ਹੀ ਉਨ੍ਹਾਂ ਨੇ ਸਾਰੀ ਕਮਾਨ ਆਪਣੇ ਹੱਥ ਵਿੱਚ ਲੈ ਲਈ ਅਤੇ ਇੱਥੇ ਤੱਕ ਦੀਆਂ ਬੈਂਕਾਂ ਦੇ ਖਾਤੇ ਵੀ ਉਹ ਆਪ ਦੇਖਦੇ ਹਨ ਜੋ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਅਪਾਰ ਸਿੰਘ ਨੇ ਉਨ੍ਹਾਂ ਉਪਰ ਲੱਗੇ ਗਬਨ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਗੁਰਦੁਆਰਾ ਕਮੇਟੀ ਦਾ ਕਿਸੇ ਪੈਸੇ ਦਾ ਨਾ ਕਦੇ ਗਬਨ ਕੀਤਾ ਤੇ ਨਾ ਹੀ ਕਿਸੇ ਠੇਕੇਦਾਰ ਤੋਂ ਕੋਈ ਪੈਸਾ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ ਸਾਬਿਤ ਹੋਏ ਤਾਂ ਇੱਕ-ਇੱਕ ਪੈਸਾ ਭਰਨ ਲਈ ਤਿਆਰ ਹਨ। ਉੱਧਰ, ਭਰੋਸੇਮੰਦ ਸੂਤਰਾਂ ਅਨੁਸਾਰ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਝਿੰਡਾ ਗੁੱਟ ਛੇਤੀ ਹੀ ਇੱਕ ਬੈਠਕ ਕਰ ਕੇ ਦੋਵੇਂ ਮੈਬਰਾਂ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਆਉਣ ਦਾ ਦਾਅਵਾ ਕਰ ਸਕਦੇ ਹਨ।
ਕਮੇਟੀ ਵੱਲੋਂ ਗਬਨ ਦੇ ਦੋਸ਼ਾਂ ਦੀ ਪੁਸ਼ਟੀ ਸਬੰਧੀ ਪੁਰਾਣਾ ਪੱਤਰ ਜਾਰੀ
ਗੁਰਦੁਆਰਾ ਕਮੇਟੀ ਨੇ ਉੱਧਰ ਅੱਜ ਇੱਕ ਪੁਰਾਦਾ ਪੱਤਰ ਜਾਰੀ ਕਰ ਦਿੱਤਾ ਹੈ ਜਿਸ ਨੂੰ 18 ਜੂਨ 2016 ਨੂੰ ਪੁਰਾਣੀ ਝਿੰਡਾ ਕਮੇਟੀ ਵੱਲੋਂ ਅਪਾਰ ਸਿੰਘ ਨੂੰ ਲਿਖਿਆ ਗਿਆ ਸੀ। ਪੱਤਰ ਵਿੱਚ ਅਪਾਰ ਸਿੰਘ ਨੂੰ ਹੁਕਮ ਦਿੱਤੇ ਗਏ ਸਨ ਕਿ ਉਨ੍ਹਾਂ ਦੇ ਨਾਮ ਗੁਰਦੁਆਰੇ ਦੀ ਜ਼ਮੀਨ ਦੇ ਠੇਕੇ ਆਦਿ ਦੀ ਰਕਮ ਖੜ੍ਹੀ ਹੋਈ ਹੈ, ਜਿਸ ਨੂੰ ਉਹ ਛੇਤੀ ਜਮ੍ਹਾਂ ਕਰਵਾਉਣ। ਉਕਤ ਪੱਤਰ ਪੱਤਰਕਾਰਾਂ ਨੂੰ ਜਾਰੀ ਕਰਦੇ ਹੋਏ ਕਮੇਟੀ ਦੇ ਸਕੱਤਰ ਸਰਵਜੀਤ ਸਿੰਘ ਨੇ ਕਿਹਾ ਕਿ ਅਪਾਰ ਸਿੰਘ ਭਾਵੇਂ ਜੋ ਮਰਜ਼ੀ ਕਹਿਣ ਪਰ ਉਕਤ ਪੱਤਰ ਤੋਂ ਸਪੱਸ਼ਟ ਹੁੰਦਾ ਹੈ ਕਿ ਅਪਾਰ ਸਿੰਘ ਨੇ ਗੁਰੂਘਰ ਦਾ ਪੈਸਾ ਦੇਣਾ ਹੈ।
ਇੱਕ ਵੀ ਪੈਸਾ ਨਾ ਖਾਵਾਂਗਾ ਤੇ ਨਾ ਖਾਣ ਦੇਵਾਂਗਾ: ਦਾਦੂਵਾਲ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੁਵਾਲ ਨੇ ਕਿਹਾ ਕਿ ਕਮੇਟੀ ਦੀ ਪ੍ਰਧਾਨਗੀ ਉਨ੍ਹਾਂ ਲਈ ਕੋਈ ਮਹੱਤਵ ਨਹੀਂ ਰੱਖਦੀ। ਗੁਰੂ ਘਰ ਦੇ ਮਾਣ-ਸਨਮਾਨ ਲਈ ਅਜਿਹੀਆਂ 100 ਪ੍ਰਧਾਨਗੀਆਂ ਉਹ ਤਿਆਗ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਰਹਿਣ ਜਾਂ ਨਾ ਪਰ ਗੁਰਦੁਆਰੇ ਦਾ ਇੱਕ ਵੀ ਪੈਸਾ ਨਾ ਤਾਂ ਉਹ ਖਾਣਗੇ ਅਤੇ ਨਾ ਹੀ ਕਿਸੇ ਨੂੰ ਖਾਣ ਦੇਣਗੇ। ਉਨ੍ਹਾਂ ਕਿਹਾ ਕਿ ਜਿਸ ਦਿਨ ਅਪਾਰ ਸਿੰਘ 28 ਮੈਬਰਾਂ ਨੂੰ ਲੈ ਕੇ ਮੁੱਖ ਦਫ਼ਤਰ ਛੇਵੀਂ ਅਤੇ ਨੌਵੀਂ ਪਾਤਸ਼ਾਹੀ ਚੀਕਾ ਵਿੱਚ ਮੌਜੂਦ ਹੋ ਜਾਣਗੇ ਉਹ ਨੈਤੀਕਤਾ ਦੇ ਆਧਾਰ ਤੇ ਉਸੇ ਦਿਨ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇੇਣਗੇ।