ਦੁਸ਼ਾਂਬੇ, 13 ਜੁਲਾਈ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਆਪਣੇ ਅਫ਼ਗਾਨੀ ਹਮਰੁਤਬਾ ਮੁਹੰਮਦ ਹਨੀਫ਼ ਅਤਮਰ ਨਾਲ ਤਾਜਿਕਿਸਤਾਨ ਵਿਚ ਮੁਲਾਕਾਤ ਕੀਤੀ। ਦੋਵਾਂ ਨੇ ਇਸ ਮੌਕੇ ਜੰਗ ਕਾਰਨ ਉਥਲ-ਪੁਥਲ ਦਾ ਸ਼ਿਕਾਰ ਹੋਏ ਅਫ਼ਗਾਨਿਸਤਾਨ ਦੀ ਸਥਿਤੀ ’ਤੇ ਵਿਚਾਰ-ਚਰਚਾ ਕੀਤੀ। ਜੈਸ਼ੰਕਰ ਇੱਥੇ ਸ਼ੰਘਾਈ ਤਾਲਮੇਲ ਸੰਗਠਨ (ਐੱਸਸੀਓ) ਦੇ ਵਿਦੇਸ਼ ਮੰਤਰੀਆਂ ਦੀ ਕੌਂਸਲ ਤੇ ਅਫ਼ਗਾਨਿਸਤਾਨ ਬਾਰੇ ਰਾਬਤਾ ਕਰਨ ਵਾਲੇ ਗਰੁੱਪ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਪੁੱਜੇ ਹਨ। ‘ਐੱਸਸੀਓ ਕੰਟੈਕਟ ਗਰੁੱਪ’ ਦੀ ਬੈਠਕ ਅਹਿਮ ਹੈ ਕਿਉਂਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਵਧਦਾ ਰਸੂਖ਼ ਪੂਰੇ ਵਿਸ਼ਵ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਤਾਲਿਬਾਨ ਨੇ ਉੱਥੇ ਕਈ ਇਲਾਕਿਆਂ ’ਤੇ ਕਬਜ਼ਾ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸੁਰੱਖਿਆ ਦੇ ਲਿਹਾਜ਼ ਨਾਲ ਭਾਰਤ ਨੇ ਵੀ ਆਪਣੇ ਕੂਟਨੀਤਕ ਤੇ ਹੋਰ ਅਮਲਾ ਅਫ਼ਗਾਨਿਸਤਾਨ ਵਿਚੋਂ ਕੱਢ ਲਏ ਸਨ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਨੇ ਭਾਰਤ ਤੇ ਅਫ਼ਰੀਕਾ ਬਾਰੇ ਇਕ ਸੰਮੇਲਨ ਵਿਚ ਬੋਲਦਿਆਂ ਕਿਹਾ ਕਿ ਅਫ਼ਰੀਕਾ ਵਿਚ ਭਾਰਤ ਨੇ ਜਿਹੜੇ ਉਪਰਾਲੇ ਕੀਤੇ ਹਨ, ਉਹ ਅਫ਼ਰੀਕੀ ਲੋਕਾਂ ਦੀਆਂ ਤਰਜੀਹਾਂ ਨੂੰ ਮੁੱਖ ਰੱਖ ਕੇ ਕੀਤੇ ਗਏ ਹਨ। ਇਨ੍ਹਾਂ ਵਿਚ ਸਾਂਝੀ ਸਮਰੱਥਾ ਤੇ ਸਾਂਝੇ ਲਾਭਾਂ ਨੂੰ ਮੂਹਰੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਪਹੁੰਚ ਦਾ ਨਤੀਜਾ ਹੈ ਕਿ ਭਾਰਤ ਤੇ ਅਫ਼ਰੀਕਾ ਵਿਚਾਲੇ ਵਿਲੱਖਣ ਕਿਸਮ ਦਾ ਭਰੋਸਾ ਬਣਿਆ ਹੈ। ਸੀਆਈਆਈ ਦੇ ਇਕ ਸੰਮੇਲਨ ਦੇ ਉਦਘਾਟਨੀ ਸੈਸ਼ਨ ਵਿਚ ਬੋਲਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਫ਼ਰੀਕਾ ਨਾਲ ਸਹਿਯੋਗ ਦਾ ਵਿਸਤਾਰ ਕਰਨ ਲਈ ਸਹਿਮਤ ਹੈ। -ਪੀਟੀਆਈ