ਨਵੀਂ ਦਿੱਲੀ, 24 ਦਸੰਬਰ
ਹਾਲ ਹੀ ’ਚ ਹਰਿਦੁਆਰ ਵਿੱਚ ਕਰਵਾਈ ਗਈ ‘ਧਰਮ ਸੰਸਦ’ ਵਿੱਚ ਦਿੱਤੇ ਕਥਿਤ ਨਫ਼ਰਤੀ ਭਾਸ਼ਣਾਂ ਦੀ ਤਿੱਖੀ ਨਿਖੇਧੀ ਕਰਦਿਆਂ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਸੰਵਿਧਾਨ ਤੇ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ। ਇਸੇ ਤਰ੍ਹਾਂ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਕੌਮੀ ਬੁਲਾਰੇ ਸਾਕੇਤ ਗੋਖਲੇ ਨੇ ਵੀ ‘ਧਰਮ ਸੰਸਦ’ ਦੇ ਪ੍ਰਬੰਧਕਾਂ ਅਤੇ ਇਸ ਮੌਕੇ ਭਾਸ਼ਣ ਦੇਣ ਵਾਲੇ ਬੁਲਾਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਇਸ ਸਮਾਗਮ ਵਿੱਚ ਕਥਿਤ ਤੌਰ ’ਤੇ ਮੁਸਲਮਾਨਾਂ ਖ਼ਿਲਾਫ਼ ਨਫ਼ਰਤੀ ਭਾਸ਼ਣ ਦਿੱਤੇ ਗਏ ਸਨ। ਸ੍ਰੀ ਗੋਖਲੇ ਨੇ ਹਰਿਦੁਆਰ ਜ਼ਿਲ੍ਹੇ ਵਿੱਚ ਜਵਾਲਾਪੁਰ ਪੁਲੀਸ ਸਟੇਸ਼ਨ ’ਚ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਹੈ। -ਪੀਟੀਆਈ
ਧਰਮ ਸੰਸਦ ਵਿੱਚ ਨਫ਼ਰਤੀ ਭਾਸ਼ਣ ਦੇਣ ’ਤੇ ਕੇਸ ਦਰਜ
ਦੇਹਰਾਦੂਨ: ਹਰਿਦੁਆਰ ਵਿੱਚ ਕਰਵਾਈ ਗਈ ‘ਧਰਮ ਸੰਸਦ’ ਵਿੱਚ ਘੱਟ ਗਿਣਤੀਆਂ ਖ਼ਿਲਾਫ਼ ਹਿੰਸਾ ਭੜਕਾਉਣ ਵਾਲੇ ਕਥਿਤ ਨਫ਼ਰਤੀ ਭਾਸ਼ਣ ਦੇਣ ਦੇ ਦੋਸ਼ ਹੇਠ ਜਿਤੇਂਦਰ ਨਾਰਾਇਣ ਤਿਆਗੀ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹਰਿਦੁਆਰ ਕੋਤਵਾਲੀ ਪੁਲੀਸ ਸਟੇਸ਼ਨ ਦੇ ਐੱਸਐੱਚਓ ਰਕਿੰਦਰ ਸਿੰਘ ਨੇ ਕਿਹਾ ਕਿ ਧਰਮ, ਜਾਤ, ਜਨਮ ਸਥਾਨ, ਰਿਹਾਇਸ਼ ਅਤੇ ਭਾਸ਼ਾ ਦੇ ਆਧਾਰ ’ਤੇ ਵੱਖ-ਵੱਖ ਗੁੱਟਾਂ ਵਿੱਚ ਨਫ਼ਰਤ ਪੈਦਾ ਕਰਨ ਦੇ ਦੋਸ਼ ਹੇਠ ਆਈਪੀਸੀ ਦੀ ਧਾਰਾ 153- ਏ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਵੀਡੀਓ ਕਲਿੱਪਾਂ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪੁਲੀਸ ਕੋਲ ਇਸ ਸਮਾਗਮ ਦੀ ਅਜੇ ਤੱਕ ਕੋਈ ਵੀ ਫੁਟੇਜ ਨਹੀਂ ਹੈ। -ਪੀਟੀਆਈ