ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 29 ਅਕਤੂਬਰ
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਸਿੱਧੂ ਅਨੁਸਾਰ ਵੀਰਵਾਰ ਨੂੰ ਇੱਥੇ ਦੁਪਹਿਰ ਸਮੇਂ ਜ਼ਿਲ੍ਹਾ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਪੰਘੂੜੇ ਵਿੱਚੋਂ ਲਗਭਗ ਇੱਕ ਦਿਨ ਦੀ ਨਵਜੰਮੀ ਬੱਚੀ ਲਾਵਾਰਿਸ ਹਾਲਤ ਵਿੱਚ ਮਿਲੀ। ਇਸ ਸਬੰਧੀ ਥਾਣਾ ਥਰਮਲ ਵਿੱਚ ਡੀਡੀਆਰ ਦਰਜ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਬੱਚੀ ਨੂੰ ਮਹੰਤ ਗੁਰਬੰਤਾ ਦਾਸ ਸਕੂਲ ਦੇ ਕਰਮਚਾਰੀਆਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਮੈਡੀਕਲ ਸਹਾਇਤਾ ਲਈ ਸਿਵਲ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਾਹਿਰ ਡਾਕਟਰ ਵੱਲੋਂ ਬੱਚੀ ਦਾ ਮੈਡੀਕਲ ਚੈੱਕਅੱਪ ਕਰਨ ਮਗਰੋਂ ਤੰਦਰੁਸਤ ਐਲਾਨੀ ਗਈ।
ਉਨ੍ਹਾਂ ਦੱਸਿਆ ਕਿ ਬੱਚੀ ਨੂੰ ਬਾਲ ਭਲਾਈ ਕਮੇਟੀ ਬਠਿੰਡਾ ਦੇ ਸਾਹਮਣੇ ਪੇਸ਼ ਕੀਤਾ ਗਿਆ। ਕਮੇਟੀ ਵੱਲੋਂ ਬੱਚੀ ਦੇ ਹਿੱਤ ਨੂੰ ਮੁੱਖ ਰੱਖਦਿਆਂ ਇਸ ਨੂੰ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਦੇ ਤਹਿਤ ਸ੍ਰੀ ਆਨੰਤ ਅਨਾਥ ਆਸ਼ਰਮ (ਸਪੈਲਾਇਜ਼ਡ ਅਡਾਪਸ਼ਨ ਏਜੰਸੀ) ਨਥਾਣਾ ਵਿਚ ਸਾਂਭ-ਸੰਭਾਲ ਲਈ ਤਬਦੀਲ ਕਰਨ ਦੇ ਹੁਕਮ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਬੱਚੀ ਦੇ ਮਾਤਾ-ਪਿਤਾ ਦੀ ਭਾਲ ਕੀਤੀ ਜਾਵੇਗੀ। ਜੇਕਰ ਬੱਚੀ ਦੇ ਮਾਤਾ-ਪਿਤਾ ਦਾ ਪਤਾ ਨਹੀਂ ਚੱਲਦਾ ਤਾਂ ਬੱਚੀ ਨੂੰ ਨਿਯਮਾਂ ਅਨੁਸਾਰ ਗੋਦ ਦੇਣ ਦੀ ਪ੍ਰਕਿਰਿਆ ਆਰੰਭ ਦਿੱਤੀ ਜਾਵੇਗੀ।
ਬਾਲ ਭਲਾਈ ਕਮੇਟੀ ਦੇ ਮੈਂਬਰਾਨ ਰਾਕੇਸ਼ ਕੁਮਾਰ ਗਾਰਗੀ, ਸਾਧੂ ਰਾਮ ਕੁਸ਼ਲਾ ਅਤੇ ਮੈਡਮ ਫੁਲਿੰਦਰਪ੍ਰੀਤ ਆਦਿ ਦੀ ਹਾਜ਼ਰੀ ਵਿੱਚ ਉਕਤ ਬੱਚੀ ਨੂੰ ਏਜੰਸੀ ਦੇ ਹਵਾਲੇ ਕੀਤਾ ਗਿਆ।