ਨਿੱਜੀ ਪੱਤਰ ਪ੍ਰੇਰਕ
ਖੰਨਾ, 31 ਮਈ
ਇਥੋਂ ਦੇ ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਵਿਸ਼ਵ ਤੰਬਾਕੂ ਰੋਕੂ ਦਿਵਸ ਐੱਸਐੱਮਓ ਡਾ.ਰਵੀ ਦੱਤ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਡਾ.ਦੱਤ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੈ, ਇਹ ਨਾ ਸਿਰਫ਼ ਮੂੰਹ, ਗਲੇ, ਭੋਜਨ ਦੀ ਨਾਲੀ ਆਦਿ ਦੇ ਕੈਂਸਰ ਦਾ ਕਾਰਨ ਬਣਦਾ ਹੈ, ਸਗੋਂ ਦਿਲ ਦੀਆਂ ਬਿਮਾਰੀਆਂ ਦਾ ਵੀ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕੋਵਿਡ ਫੇਫੜਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਇਸੇ ਤਰ੍ਹਾਂ ਬੀੜੀ, ਸਿਗਰਟ ਦੀ ਵਰਤੋਂ ਵੀ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਕੋਵਿਡ ਤੋਂ ਆਪਣੇ ਆਪ ਨੂੰ ਬਚਾਉਣ ਲਈ ਤੰਕਾਬੂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਗੁਰਦੀਪ ਸਿੰਘ ਤੇ ਗੁਰਮਿੰਦਰ ਸਿੰਘ ਨੇ ਕਿਹਾ ਕਿ ਤੰਬਾਕੂ ਕੰਟਰੋਲ ਐਕਟ ਅਧੀਨ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਦੀ ਮਨਾਹੀ ਹੈ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣ ਤੇ ਕਿਸੇ ਵਿੱਦਿਅਕ ਸੰਸਥਾ ਦੇ 100 ਗਜ਼ ਘੇਰੇ ਵਿਚ ਸਿਗਰਟ ਤੇ ਹੋਰ ਤੰਬਾਕੂ ਪਦਾਰਥ ਦੀ ਵਿਕਰੀ ’ਤੇ ਰੋਕ ਹੈ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾਂਦੇ ਹਨ। ਇਸ ਮੌਕੇ ਬੀਨਾ ਰਾਣੀ, ਰਣਜੀਤ ਕੌਰ, ਭੁਪਿੰਦਰ ਕੌਰ, ਜਗਦੀਪ ਸਿੰਘ, ਲਖਵੀਰ ਕੌਰ, ਸੰਦੀਪ ਕੌਰ, ਅਮਨਦੀਪ ਕੌਰ, ਗੁਰਦੀਪ ਸਿੰਘ, ਜਗਤਾਰ ਸਿੰਘ ਹਾਜ਼ਰ ਸਨ।
ਰੁੱਖ ਲਗਾਓ-ਵਾਤਾਵਰਨ ਬਚਾਓ ਸੰਸਥਾ ਨੇ ਬੂਟੇ ਲਾਏ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਵਾਤਾਵਰਨ ਦੀ ਸ਼ੁੱਧਤਾ ’ਚ ਆ ਰਹੀ ਗਿਰਾਵਟ ਨੂੰ ਆਉਂਦੇ ਸਮੇਂ ’ਚ ਸਮੁੱਚੀ ਮਾਨਵਤਾ ਲਈ ਖਤਰੇ ਦੀ ਘੰਟੀ ਵਜੋਂ ਮਹਿਸੂਸ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕਰੋਨਾ ਦੇ ਚੱਲਦੇ ਜੋ ਆਕਸੀਜਨ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ, ਉਸ ਨੂੰ ਵੀ ਵਾਤਾਵਰਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਨ੍ਹਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਦੇਖਦਿਆਂ ‘ਰੁੱਖ ਲਗਾਉ ਵਾਤਾਵਰਣ ਬਚਾਓ’ ਸੰਸਥਾ ਸ਼ਹਿਰ ਦੇ ਵੱਖ ਵੱਖ ਪਾਰਕਾਂ ’ਚ ਬੂਟੇ ਲਾਏ। ਇਸ ਮੌਕੇ ਕੌਂਸਲਰ ਗੁਰਮਿੰਦਰ ਸਿੰਘ ਲਾਲੀ, ਹਰਪ੍ਰੀਤ ਸਿੰਘ ਪ੍ਰਿੰਸ ਅਤੇ ਨਿਰਮਲ ਸਿੰਘ ਦੂਲੋਂ ਨੇ ਕਿਹਾ ਕਿ ਸੰਸਥਾ ਵੱਲੋਂ ਚਲਾਈ ਮੁਹਿੰਮ ਚੰਗੇ ਭਵਿੱਖ ਅਤੇ ਵਾਤਾਵਰਣ ਨੂੰ ਬਚਾਉਣ ਲਈ ਅਤੀ ਜ਼ਰੂਰੀ ਹੈ। ਇਸ ਮੌਕੇ ਨਰੇਸ਼ ਢੰਡ, ਅਮਰੀਕ ਸਿੰਘ ਤੇ ਮਾ. ਪ੍ਰਦੀਪ ਕੁਮਾਰ ਨੇ ਭਰੋਸਾ ਦਿੱਤਾ ਕਿ ਉਹ ਲਾਏ ਪੌਦਿਆਂ ਦੀ ਸਾਂਭ ਸੰਭਾਲ ਕਰਨਗੇ। ਇਸ ਮੌਕੇ ਪਰਮਜੀਤ ਸਿੰਘ ਪੰਮੀ, ਸ਼ੇਰ ਸਿੰਘ, ਸੁਖਵਿੰਦਰ ਸਿੰਘ ਬੱਬੂ, ਤਰਮਿੰਦਰ ਸਿੰਘ ਭੰਗੂ, ਹਾਜ਼ਰ ਸਨ।