ਜਸਵੰਤ ਜੱਸ
ਫਰੀਦਕੋਟ, 6 ਜੁਲਾਈ
ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਜ਼ੱਚਾ-ਬੱਚਾ ਵਿਭਾਗ ਵਿੱਚ ਬੈੱਡਾਂ ਦੀ ਘਾਟ ਹੈ। ਜਣੇਪੇ ਤੋਂ ਬਾਅਦ ਤਿੰਨ ਨਵ-ਜੰਮੇ ਬੱਚਿਆਂ ਤੇ ਉਨ੍ਹਾਂ ਦੀਆਂ ਮਾਵਾਂ ਨੂੰ ਬੈੱਡ ਨਾ ਹੋਣ ਕਾਰਨ ਇਥੇ ਵਾਰਡ ਦੇ ਬਾਹਰ ਫਰਸ਼ ਉੱਪਰ ਹੀ ਲਿਟਾ ਦਿੱਤਾ ਗਿਆ ਹੈ, ਜਿਸ ਕਾਰਨ ਜ਼ੱਚਾ ਬੱਚਾ ਨੂੰ ਇਨਫੈਕਸ਼ਨ ਹੋ ਸਕਦੀ ਹੈ। ਅੱਤ ਦੀ ਗਰਮੀ ਤੋਂ ਬਚਾਅ ਲਈ ਹਸਪਤਾਲ ਵਿੱਚ ਲੋੜ ਮੁਤਾਬਕ ਪੱਖੇ ਵੀ ਨਹੀਂ ਹਨ।
ਸੂਚਨਾ ਅਨੁਸਾਰ ਵਾਰਡਾਂ ਵਿੱਚ ਲੋੜੀਂਦੇ ਬੈੱਡ ਨਾ ਹੋਣ ਕਾਰਨ ਹਸਪਤਾਲ ਪ੍ਰਬੰਧਨ ਨੇ ਇਹ ਕਾਰਾ ਕੀਤਾ ਹੈ। ਜਦੋਂਕਿ ਵਾਰਡਾਂ ਦੇ ਅੰਦਰ ਬੈੱਡਾਂ ਉੱਪਰ ਵੀ ਦੋ-ਦੋ ਮਰੀਜ਼ ਪਏ ਹਨ। ਅੱਤ ਦੀ ਗਰਮੀ ਕਾਰਨ ਇੱਥੇ ਸਿਹਤ ਸਹੂਲਤਾਂ ਲਈ ਆਏ ਮਰੀਜ਼ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ। ਜ਼ੱਚਾ ਬੱਚਾ ਵਿਭਾਗ ਅਜੇ ਤਿੰਨ ਮਹੀਨੇ ਪਹਿਲਾਂ ਹੀ ਸ਼ੁਰੂ ਹੋਇਆ ਹੈ ਅਤੇ ਇਸ ਨਵੇਂ ਬਣੇ ਵਿਭਾਗ ਉੱਪਰ ਕੇਂਦਰ ਤੇ ਪੰਜਾਬ ਸਰਕਾਰ ਨੇ ਸਾਂਝੇ ਤੌਰ ‘ਤੇ 22 ਕਰੋੜ ਰੁਪਏ ਖਰਚੇ ਹਨ। ਏਨਾ ਪੈਸਾ ਖਰਚਣ ਦੇ ਬਾਵਜੂਦ ਵਾਰਡਾਂ ਵਿੱਚ ਮਰੀਜ਼ਾਂ ਲਈ ਲੋੜੀਂਦੇ ਬੈੱਡਾਂ ਆਦਿ ਦਾ ਪ੍ਰਬੰਧ ਨਹੀਂ ਹੋ ਸਕਿਆ। ਇਸ ਕਾਰਨ ਗਰੀਬ ਪਰਿਵਾਰਾਂ ਨੂੰ ਮਜਬੂਰੀ ਵੱਸ ਨਿੱਜੀ ਹਸਪਤਾਲਾਂ ਵਿੱਚ ਜਾਣਾ ਪੈ ਰਿਹਾ ਹੈ।
ਮੈਡੀਕਲ ਸੁਪਰਡੈਂਟ ਡਾ. ਸੁਲੇਖ ਮਿੱਤਲ ਨੇ ਇਸ ਸਬੰਧੀ ਪੁੱਛੇ ਜਾਣ ’ਤੇ ਕਿਹਾ ਕਿ ਜ਼ੱਚਾ-ਬੱਚਾ ਵਿਭਾਗ ਵਿੱਚ ਮਰੀਜ਼ਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਵਿਭਾਗ ਦੇ ਵਾਰਡਾਂ ਵਿੱਚ ਲੋੜੀਂਦੇ ਬੈੱਡ ਬਿਨਾਂ ਦੇਰੀ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਮਰੀਜ਼ਾਂ ਨੂੰ ਭਵਿੱਖ ਵਿੱਚ ਕੋਈ ਦਿੱਕਤ ਨਾ ਆਵੇ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਮਰੀਜ਼ਾਂ ਦੀ ਹੋ ਰਹੀ ਦੁਰਗਤੀ ਅਤੇ ਮਾੜੀਆਂ ਸਿਹਤ ਸੇਵਾਵਾਂ ਦਾ ਮੁੱਦਾ ਪਿਛਲੇ ਹਫ਼ਤੇ ਵਿਧਾਨ ਸਭਾ ਵਿੱਚ ਵੀ ਉੱਠਿਆ ਸੀ। ਪੰਜਾਬ ਸਰਕਾਰ ਨੇ ਮੈਡੀਕਲ ਕਾਲਜ ਨੂੰ ਸੁਪਰ ਸਪੈਸ਼ਲਿਟੀ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਜਲਦ ਹੀ ਇਹ ਪ੍ਰਾਜੈਕਟ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਨਾਲ ਇਹ ਸਮੱਸਿਆਵਾਂ ਹੱਲ ਹੋ ਜਾਣਗੀਆਂ।