ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਅਗਸਤ
ਸਰਕਾਰਾਂ ਦੀਆਂ ਪਾੜੋ ਤੇ ਰਾਜ ਕਰੋ ਦੀਆਂ ਨੀਤੀਆਂ ਨੂੰ ਰੱਦ ਕਰਕੇ ਕਿਸਾਨਾਂ ਨੇ ਇੱਥੇ ਮਜ਼ਦੂਰਾਂ ਦੇ ਮੋਰਚੇ ਵਿਚ ਕਿਰਤੀਆਂ ਦੀ ਖ਼ੂਬ ਸੇਵਾ ਕੀਤੀ ਤੇ ਦਰਸਾ ਦਿੱਤਾ ਕਿ ਕਿਸਾਨ ਮਜ਼ਦੂਰ ਏਕਤਾ ਉਂਜ ਹੀ ਨਹੀਂ ਸਗੋਂ ਏਕਤਾ ਦਾ ਪ੍ਰਤੱਖ ਪ੍ਰਮਾਣ ਹੈ।
ਇੱਥੇ ਪੁੱਡਾ ਗਰਾਊਂਡ ਵਿਚ ਸੱਤ ਕਿਰਤੀਆਂ ਦੀਆਂ ਜਥੇਬੰਦੀਆਂ ਵੱਲੋਂ ਲਗਾਤਾਰ ਤਿੰਨ ਦਿਨ ਮੋਰਚਾ ਲਗਾਇਆ ਗਿਆ, ਜਿਸ ਵਿਚ ਕਿਸਾਨ ਮਜ਼ਦੂਰ ਏਕਤਾ ਦੀ ਮਿਸਾਲ ਚਿੱਟੇ ਦਿਨ ਵਾਂਗ ਨਜ਼ਰ ਆਈ। ਤਿੰਨੇ ਦਿਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਮਜ਼ਦੂਰਾਂ ਦੇ ਇਕੱਠ ਵਿਚ ਲੰਗਰ ਦਾ ਇੰਤਜ਼ਾਮ ਕਰਕੇ ਇਹ ਦਰਸਾਇਆ ਕਿ ਸਰਕਾਰਾਂ ਜਿੰਨਾ ਮਰਜ਼ੀ ਕਿਸਾਨਾਂ ਮਜ਼ਦੂਰਾਂ ਨੂੰ ਅੱਡ ਕਰ ਲੈਣ ਪਰ ਉਹ ਇਕ ਹਨ। ਇਕ ਪਾਸੇ ਮਜ਼ਦੂਰ ਜਥੇਬੰਦੀਆਂ ਸਟੇਜ ਦੀ ਕਾਰਵਾਈ ਚਲਾ ਰਹੀਆਂ ਸਨ, ਦੂਜੇ ਪਾਸੇ ਕਿਸਾਨ ਬੀਬੀਆਂ ਵੱਲੋਂ ਲੰਗਰ ਦਾ ਇੰਤਜ਼ਾਮ ਕੀਤਾ ਜਾ ਰਿਹਾ ਸੀ। ਖੇਤ ਮਜ਼ਦੂਰਾਂ ਤੇ ਹੋਰ ਕਿਰਤੀਆਂ ਦੀਆਂ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਤਿੰਨ ਦਿਨ ਲਗਾਏ ਮੋਰਚੇ ਵਿਚ ਕਿਸਾਨਾਂ ਨੇ ਪੂਰਾ ਸਾਥ ਦਿੱਤਾ। ਇੱਥੇ ਲੰਗਰ ਪਕਾਉਂਦੀ ਬੀਬੀ ਜਸਵਿੰਦਰ ਕੌਰ ਮਹਿਲਾ ਚੌਕ ਨੇ ਦੱਸਿਆ ਕਿ ਕਿਸਾਨ ਜਥੇਬੰਦੀ ਦੇ ਕਹਿਣ ਮੁਤਾਬਕ ਉਹ ਸਵੇਰੇ, ਦੁਪਹਿਰ ਤੇ ਸ਼ਾਮ ਦਾ ਲੰਗਰ ਤਿਆਰ ਕਰਦੇ ਹਨ। ਇਸੇ ਤਰ੍ਹਾਂ ਬੀਬੀ ਪਰਮਜੀਤ ਕੌਰ ਪਿੱਥੋ ਜ਼ਿਲ੍ਹਾ ਬਠਿੰਡਾ ਨੇ ਕਿਹਾ ਕਿ ਚੱਲ ਰਹੇ ਮੋਰਚੇ ’ਚ ਲੰਗਰ ਦੀ ਕੋਈ ਘਾਟ ਨਹੀਂ ਹੈ। ਜੇ ਦੁੱਧ ਦੀ ਲੋੜ ਹੈ ਤਾਂ ਦੁੱਧ ਵੀ ਆ ਰਿਹਾ ਹੈ ਜਿਸ ਕਰਕੇ ਅਸੀਂ ਦੁੱਧ ਵਿਚ ਪੱਤੀ ਪਾ ਕੇ ਚਾਹ ਦਾ ਲੰਗਰ ਚਲਾ ਰਹੇ ਹਾਂ, ਸਾਡੇ ਕੋਲ ਗੈਸ ਸਿਲੰਡਰ ਤੇ ਲੱਕੜਾਂ ਦਾ ਇੰਤਜ਼ਾਮ ਹੈ। ਇੱਥੇ ਹੀ ਲੰਗਰ ਦੀ ਦੇਖ ਰੇਖ ਕਰ ਰਹੇ ਮਨਜੀਤ ਸਿੰਘ ਘਰਾਂਚੋਂ ਨੇ ਕਿਹਾ ਕਿ ਜਥੇਬੰਦੀ ਆਪਣੀਆਂ ਮੰਗਾਂ ਨੂੰ ਮਨਾਉਣ ਲਈ ਜੋ ਵੀ ਪ੍ਰੋਗਰਾਮ ਬਣਾ ਰਹੇ ਹਨ ਉਹ ਉਨ੍ਹਾਂ ਦਾ ਕੰਮ ਹੈ, ਸਾਡਾ ਕੰਮ ਹੈ ਸਿਰਫ਼ ਉਨ੍ਹਾਂ ਵਾਸਤੇ ਲੰਗਰ ਦਾ ਇੰਤਜ਼ਾਮ ਕਰਨਾ।