ਚਰਨਜੀਤ ਭੁੱਲਰ
ਚੰਡੀਗੜ੍ਹ, 11 ਅਗਸਤ
ਪੰਜਾਬ ਦਾ ਇਹ ਕੌੜਾ ਸੱਚ ਹੈ ਕਿ ਨਸ਼ਾ ਹਰ ਹਫ਼ਤੇ ਔਸਤਨ ਇੱਕ ਘਰ ’ਚ ਸੱਥਰ ਵਿਛਾਉਂਦਾ ਹੈ। ਸਿਆਸੀ ਦਾਅਵੇ ਕੁਝ ਵੀ ਹੋਣ, ਔਸਤਨ ਹਰ ਛੇਵੇਂ ਦਿਨ ਨਸ਼ਾ ਪੰਜਾਬ ਲਈ ਬੁਰੀ ਖ਼ਬਰ ਬਣਦਾ ਹੈ। ਹਾਲਾਂਕਿ ਪੰਜਾਬ ’ਚ ਨਸ਼ਿਆਂ ਦੀ ਵੱਧ ਮਾਤਰਾ ਲੈਣ ਵਜੋਂ ਮੌਤਾਂ ਦਾ ਅੰਕੜਾ ਵੱਡਾ ਹੈ ਪਰ ਕੇਂਦਰ ਸਰਕਾਰ ਦੇ ਅੰਕੜੇ ਅਨੁਸਾਰ ਪੰਜਾਬ ’ਚ ਜਨਵਰੀ 2017 ਤੋਂ ਦਸੰਬਰ 2019 (ਤਿੰਨ ਸਾਲਾਂ) ’ਚ ਨਸ਼ੇ ਦੀ ਓਵਰਡੋਜ਼ ਨਾਲ 194 ਮੌਤਾਂ ਹੋਈਆਂ ਹਨ।
ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਕੈਪਟਨ ਸਰਕਾਰ ਦੇ ਪਹਿਲੇ ਵਰ੍ਹੇ ਦੌਰਾਨ ਵਰ੍ਹਾ 2017 ਵਿੱਚ ਨਸ਼ਿਆਂ ਨਾਲ 71 ਮੌਤਾਂ ਹੋਈਆਂ, ਅਗਲੇ ਵਰ੍ਹੇ 2018 ’ਚ ਵਧ ਕੇ ਇਹ ਅੰਕੜਾ 78 ਮੌਤਾਂ ਹੋ ਗਿਆ ਜਦਕਿ ਸਾਲ 2019 ਵਿੱਚ ਨਸ਼ਿਆਂ ਕਾਰਨ 45 ਮੌਤਾਂ ਹੋਈਆਂ। ਲੰਘੇ ਸਾਲ ਦਾ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ। ਇਨ੍ਹਾਂ ਤਿੰਨ ਵਰ੍ਹਿਆਂ ’ਚ 14 ਸਾਲ ਤੋਂ ਘੱਟ ਉਮਰ ਦੇ ਦੋ ਬੱਚੇ ਵੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਦੇ ਮੂੰਹ ਜਾ ਪਏ ਹਨ।
ਸਰਕਾਰੀ ਵੇਰਵਿਆਂ ਅਨੁਸਾਰ ਇਨ੍ਹਾਂ ਤਿੰਨ ਸਾਲਾਂ ਵਿੱਚ 18 ਤੋਂ 30 ਸਾਲ ਉਮਰ ਵਰਗ ਦੇ 122 ਜਣੇ, 30 ਤੋਂ 45 ਸਾਲ ਉਮਰ ਵਰਗ ਦੇ 59 ਵਿਅਕਤੀ ਅਤੇ 45 ਤੋਂ 60 ਸਾਲ ਦੇ ਉਮਰ ਵਰਗ ਦੇ ਅੱਠ ਜਣੇ ਨਸ਼ਿਆਂ ਕਾਰਨ ਮੌਤ ਦੇ ਮੂੰਹ ਪਏ ਹਨ। ਦੂਸਰੀ ਤਰਫ਼ ਨਸ਼ਿਆਂ ਨੂੰ ਠੱਲ੍ਹ ਪਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਤੱਥਾਂ ਅਨੁਸਾਰ ਇਸ ਮਾਮਲੇ ’ਚ ਦੇਸ਼ ਦੇ ਪਹਿਲੇ ਛੇ ਸੂਬਿਆਂ ’ਚ ਪੰਜਾਬ ਦਾ ਨਾਂ ਬੋਲਦਾ ਹੈ।
ਤਸਕਰਾਂ ਦਾ ਗੱਠਜੋੜ ਟੁੱਟਿਆ ਨਹੀਂ: ਮੀਤ ਹੇਅਰ
‘ਆਪ’ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਅਤੇ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਆਖਦੇ ਹਨ ਕਿ ਅਸਲ ਵਿਚ ਕੈਪਟਨ ਸਰਕਾਰ ’ਚ ਵੀ ਨਸ਼ਾ ਤਸਕਰਾਂ ਦਾ ਗੱਠਜੋੜ ਟੁੱਟਿਆ ਨਹੀਂ ਹੈ ਜਿਸ ਕਾਰਨ ਪੰਜਾਬ ’ਚ ਰੋਜ਼ਾਨਾ ਕਿਸੇ ਨਾ ਕਿਸੇ ਘਰ ਨੂੰ ਨਸ਼ਾ ਜ਼ਿੰਦਗੀ ਤੋਂ ਤੋੜ ਰਿਹਾ ਹੈ।