ਨਵੀਂ ਦਿੱਲੀ, 21 ਜਨਵਰੀ
ਰਾਸ਼ਟਰੀ ਸੰਚਾਰ ਦਿਸ਼ਾ-ਨਿਰਦੇਸ਼ਾਂ ਅਤੇ ਗੁਪਤ ਸੂਚਨਾਵਾਂ ਨੂੰ ਲੀਕ ਹੋਣ ਤੋਂ ਰੋਕਣ ਲਈ ਸਰਕਾਰ ਦੇ ਨਿਰਦੇਸ਼ਾਂ ਦੀ ਲਗਾਤਾਰ ਉਲੰਘਣਾ ਦੇ ਮੱਦੇਨਜ਼ਰ ਕੇਂਦਰ ਨੇ ਨਵੇਂ ਸੰਚਾਰ ਦਿਸ਼ਾ-ਨਿਰਦੇਸ਼ਾਂ ਵਿੱਚ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਵਟਸਐਪ, ਟੈਲੀਗ੍ਰਾਮ ਆਦਿ ਰਾਹੀਂ ਗੁਪਤ ਜਾਣਕਾਰੀ ਸਾਂਝੀ ਨਾ ਕਰਨ ਲਈ ਕਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਐਪਾਂ ਦੇ ਸਰਵਰ ਵਿਦੇਸ਼ਾਂ ਵਿੱਚ ਨਿੱਜੀ ਕੰਪਨੀਆਂ ਦੁਆਰਾ ਨਿਯੰਤਰਿਤ ਕੀਤੇ ਜਾਂਦੇ ਹਨ ਅਤੇ ਕੁਝ ਲੋਕ ਇਸ ਜਾਣਕਾਰੀ ਦੀ ਦੁਰਵਰਤੋਂ ਕਰ ਸਕਦੇ ਹਨ। ਇਹ ਵੀ ਕਿਹਾ ਕਿ ‘ਵਰਕ ਫਰਾਮ ਹੋਮ’ (ਡਬਲਿਊਐੱਫਐੱਚ) ਦੌਰਾਨ ਅਧਿਕਾਰੀਆਂ ਨੂੰ ਸੰਚਾਰ ਲਈ ਸਿਰਫ ਈ-ਆਫਿਸ ਐਪਲੀਕੇਸ਼ਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਧਿਕਾਰੀਆਂ ਨੂੰ ਗੂਗਲ ਮੀਟ ਜਾਂ ਜ਼ੂਮ ਐਪਲੀਕੇਸ਼ਨ ਵਰਗੀਆਂ ਨਿੱਜੀ ਐਪਾਂ ‘ਤੇ ਵਰਚੁਅਲ ਮੀਟਿੰਗਾਂ ਨਾ ਕਰਨ, ਸਗੋਂ ਉਨ੍ਹਾਂ ਨੂੰ ਐਡਵਾਂਸਡ ਕੰਪਿਊਟਿੰਗ ਵਿਭਾਗ (ਸੀ-ਡੀਏਸੀ), ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨਆਈਸੀ) ਦੁਆਰਾ ਸਥਾਪਤ ਵੀਡੀਓ ਕਾਨਫਰੰਸ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।