ਰਾਜਨ ਮਾਨ
ਮਜੀਠਾ, 17 ਫਰਵਰੀ
ਚੋਣਾਂ ਵਿੱਚ ਮਹਿਜ਼ ਦੋ ਦਿਨ ਰਹਿ ਜਾਣ ਕਾਰਨ ਹੁਣ ਸਾਰੇ ਉਮੀਦਵਾਰ ਪਿਛਲੇ ਦਿਨਾਂ ਵਿੱਚ ਘਰ ਘਰ ਜਾ ਕੇ ਲੋਕਾਂ ਤੋਂ ਵੋਟਾਂ ਦੇ ਲਏ ਦਿਲਾਸੇ ਨੂੰ ਹੁਣ 20 ਤਰੀਕ ਤੱਕ ਸਾਂਭਣ ਵਿੱਚ ਲੱਗ ਗਏ ਹਨ ਅਤੇ ਬੂਥ ਪੱਧਰ ’ਤੇ ਵਰਕਰਾਂ ਨੂੰ ਚੌਕਸ ਰਹਿਣ ਦਾ ਸੱਦਾ ਦਿੱਤਾ ਗਿਆ ਹੈ। ਲੋਕ ਝੰਡੀ ਕਿਸੇ ਦੀ ਤੇ ਦਿਲ ਕਿਸੇ ਹੋਰ ਨਾਲ ਲਗਾਈ ਬੈਠੇ ਨਜ਼ਰ ਆ ਰਹੇ ਹਨ।
ਵਿਧਾਨ ਸਭਾ ਹਲਕਾ ਮਜੀਠਾ, ਅਜਨਾਲਾ ਅਤੇ ਰਾਜਸਾਂਸੀ ਤੋਂ ਤਿਕੋਣੀ ਟੱਕਰ ਬਣੀ ਹੋਈ ਹੈ। ਮਜੀਠਾ ਹਲਕੇ ਤੋਂ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ, ਕਾਂਗਰਸ ਦੇ ਜੱਗਾ ਮਜੀਠੀਆ ਤੇ ਆਮ ਆਦਮੀ ਪਾਰਟੀ ਦੇ ਲਾਲੀ ਮਜੀਠੀਆ ਵਿਚਾਲੇ ਟੱਕਰ ਬਣੀ ਹੋਈ ਹੈ। ਹਲਕੇ ਅੰਦਰ ਹਾਲਾਤ ਇਹ ਨਜ਼ਰ ਆ ਰਹੇ ਹਨ ਕਿ ਲੋਕ ਮੂੰਹ ਮੁਲਾਜ਼ੇ ਨੂੰ ਝੰਡੀਆਂ ਤਾਂ ਲਗਾ ਰਹੇ ਹਨ ਪਰ ਦਿਲ ਕਿਤੇ ਹੋਰ ਲਾਈ ਬੈਠੇ ਨਜ਼ਰ ਆ ਰਹੇ ਹਨ। ਲੋਕਾਂ ਦੀ ਖਾਮੋਸ਼ੀ ਨੇ ਮਜੀਠੀਆ ਪਰਿਵਾਰ ਦੀਆਂ ਚਿੰਤਾਵਾਂ ਵਿੱਚ ਵਾਧਾ ਕੀਤਾ ਹੈ। ਇੱਕ ਤਾਂ ਪਹਿਲਾਂ ਹੀ ਬਿਕਰਮ ਮਜੀਠੀਆ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਵਜੋਤ ਸਿੱਧੂ ਨਾਲ ਟੱਕਰ ਲੈ ਬੈਠਾ ਹੈ ਅਤੇ ਦੂਜਾ ਹਲਕੇ ਦੇ ਲੋਕਾਂ ਦੀ ਖਾਮੋਸ਼ੀ ਉਨ੍ਹਾਂ ਲਈ ਸਿਰਦਰਦੀ ਬਣੀ ਹੋਈ ਹੈ। ਆਮ ਆਦਮੀ ਪਾਰਟੀ ਦੇ ਮੈਦਾਨ ਵਿੱਚ ਆਉਣ ਕਾਰਨ ਉਸ ਨੇ ਸਾਰੀਆਂ ਰਵਾਇਤੀ ਪਾਰਟੀਆਂ ਦੇ ਗਣਿਤ ਵਿਗਾੜ ਦਿੱਤੇ ਹਨ। ਸਾਰੇ ਉਮੀਦਵਾਰਾਂ ਵਲੋਂ ਦਿਨੇ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸ਼ਾਮ ਨੂੰ ਘਰ ਘਰ ਜਾ ਕੇ ਲੋਕਾਂ ਅੱਗੇ ਪੱਲੂ ਅੱਡੇ ਜਾ ਰਹੇ ਹਨ।
ਉਧਰ ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਫਸਵਾਂ ਮੁਕਾਬਲਾ ਹੋਣ ਕਾਰਨ ਸਾਰੀਆਂ ਧਿਰਾਂ ਪੱਬਾਂ ਭਾਰ ਹਨ। ਉਮੀਦਵਾਰ ਪਰਿਵਾਰਾਂ ਸਮੇਤ ਮੈਦਾਨ ਵਿੱਚ ਨਿੱਤਰੇ ਹੋਏ ਹਨ। ਆਪ ਦੇ ਉਮੀਦਵਾਰ ਨਾਲ ਉਹਨਾਂ ਦੀ ਪਤਨੀ ਤੇ ਅਮਰੀਕਾ ਤੋਂ ਆਈ ਉਨ੍ਹਾਂ ਦੀ ਨੂੰਹ ਘਰ ਘਰ ਜਾ ਕੇ ਪ੍ਰਚਾਰ ਕਰ ਰਹੀ ਹੈ। ਉਧਰ, ਅਕਾਲੀ ਦਲ ਦੇ ਉਮੀਦਵਾਰ ਬੋਨੀ ਅਜਨਾਲਾ ਦਾ ਸਾਰਾ ਪਰਿਵਾਰ ਵੋਟਰਾਂ ਦੀਆਂ ਬਰੂਹਾਂ ’ਤੇ ਦਸਤਕ ਦੇ ਰਿਹਾ ਹੈ। ਕਾਂਗਰਸੀ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ ਵੀ ਆਪਣੇ ਪੁੱਤਰ ਨਾਲ ਹੋਕਾ ਦੇ ਰਹੇ ਹਨ।
ਇਸੇ ਤਰ੍ਹਾਂ ਹਲਕਾ ਰਾਜਾਸਾਂਸੀ ਤੋਂ ਮੁੱਖ ਟੱਕਰ ਕਾਂਗਰਸ ਦੇ ਸੁੱਖ ਸਰਕਾਰੀਆ, ਅਕਾਲੀ ਦਲ ਦੇ ਵੀਰ ਸਿੰਘ ਲੋਪੋਕੇ ਅਤੇ ਆਪ ਦੇ ਬਲਦੇਵ ਸਿੰਘ ਮਿਆਦੀਆਂ ਵਿਚਾਲੇ ਹੈ। ਤਿੰਨਾਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਵੋਟਰਾਂ ਦੀ ਖਾਮੋਸ਼ੀ ਸਭ ਤੋਂ ਵੱਧ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਡਰਾ ਰਹੀ ਹੈ। ਲੋਕ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰ ਰਹੇ, ਹਰ ਇੱਕ ਨੂੰ ਤੇਰੇ ਨਾਲ ਹਾਂ ਦਾ ਲੌਲੀ ਪੌਪ ਦੇ ਕੇ ਤੋਰ ਰਹੇ ਹਨ।
ਵੋਟਰਾਂ ਦੀ ਚੁੱਪੀ ਕਾਰਨ ਉਮੀਦਵਾਰਾਂ ਦੀਆਂ ਧੜਕਨਾਂ ਤੇਜ਼
ਦਸੂਹਾ (ਭਗਵਾਨ ਦਾਸ ਸੰਦਲ): ਵਿਧਾਨ ਸਭਾ ਹਲਕਾ ਦਸੂਹਾ ’ਚ ਚੋਣ ਪ੍ਰਚਾਰ ਦੇ ਅੰਤਿਮ ਪੜਾਅ ’ਚ ਉਮੀਦਵਾਰ ਵੋਟਾਂ ਖਿੱਚਣ ਲਈ ਹਰ ਹੀਲਾ ਵਰਤ ਰਹੇ ਹਨ ਪਰ ਬਹੁਗਿਣਤੀ ਵੋਟਰਾਂ ਦੀ ਚੁੱਪੀ ਨੇ ਜਿਥੇ ਉਮੀਦਵਾਰਾਂ ਦੀ ਮਨਾਂ ’ਚ ਖਲਬਲੀ ਮਚਾਈ ਹੋਈ ਹੈ ਉਥੇ ਹੀ ਨਿੱਤ ਨਵੇਂ ਕਿਆਫੇ ਸਾਹਮਣੇ ਆ ਰਹੇ ਹਨ ਜਦੋਂਕਿ ਇਥੇ ਕਈ ਥਾਈਂ ਝੰਡਾ ਕਿਸੇ ਦਾ, ਡੰਡਾ ਕਿਸੇ ਦਾ ਅਤੇ ਵੋਟ ਕਿਸੇ ਨੂੰ ਵਾਲੀ ਸਥਿਤੀ ਨਜ਼ਰ ਆ ਰਹੀ ਹੈ। ਮੁੱਖ ਸਿਆਸੀ ਧਿਰਾਂ ਦੇ ਉਮੀਦਵਾਰ ਵੋਟਰਾਂ ਦੇ ਦਿਲਾਂ ’ਚ ਉਤਰਨ ਲਈ ਘਰ ਘਰ ਹੱਥ ਜੋੜ ਕੇ ਵੋਟਾਂ ਮੰਗ ਰਹੇ ਹਨ ਇਸ ਸਭ ਦੇ ਬਾਵਜੂਦ ਵੋਟਰ ਅਜੇ ਤੱਕ ਪੂਰੀ ਤਰ੍ਹਾਂ ਚੁੱਪ ਹੈ ਤੇ ਕਿਸੇ ਉਮੀਦਵਾਰ ਨੂੰ ਨਾਰਾਜ਼ ਨਹੀਂ ਕਰ ਰਿਹਾ।