ਗੁਰਬਖਸ਼ਪੁਰੀ
ਤਰਨ ਤਾਰਨ, 31 ਮਈ
ਸਰਹੱਦੀ ਖੇਤਰ ਦੇ ਕਸਬਾ ਖੇਮਕਰਨ ਦੇ ਅਨੇਕਾਂ ਗਰੀਬ ਵਰਗਾਂ ਦੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਸਾਰਿਆਂ ਕਈ ਮਕਾਨ ਬਣਾ ਕੇ ਦੇਣ ਦੀ ਸਕੀਮ ਇੱਕ ਕੋਝੇ ਮਜ਼ਾਕ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੈ|
ਇਸ ਸਕੀਮ ਤਹਿਤ ਖੇਮਕਰਨ ਕਸਬੇ ਦੇ ਕੋਈ 170 ਦੇ ਕਰੀਬ ਅਜਿਹੇ ਲਾਭਪਾਤਰੀਆਂ ਦੀ ਸ਼ਨਾਖਤ ਕੀਤੀ ਗਈ ਜਿਸ ਤਹਿਤ ਉਨ੍ਹਾਂ ਨੂੰ ਚਾਰ ਸਾਲ ਪਹਿਲਾਂ ਨਗਰ ਪੰਚਾਇਤ ਵੱਲੋਂ ਕੇਂਦਰ ਸਰਕਾਰ ਦੀ ਆਈ ਸਕੀਮ ਤਹਿਤ ਮਕਾਨ ਬਨਾਉਣ ਲਈ 50-50 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ| ਕਸਬੇ ਦੇ ਇਨ੍ਹਾਂ ਵਰਗਾਂ ਦੇ ਵਾਸੀ ਮੇਜਰ ਸਿੰਘ ਪੁੱਤਰ ਕਰਨੈਲ ਸਿੰਘ, ਬੰਤਾ ਸਿੰਘ ਪੁੱਤਰ ਸੂਰਜ ਸਿੰਘ, ਮਿੱਠਾ ਸਿੰਘ ਪੁੱਤਰ ਬਗੀਚਾ ਸਿੰਘ, ਬਲਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਉਹ ਆਪਣੇ ਅਧੂਰੇ ਪਏ ਮਕਾਨਾਂ ਦੋਂ ਛੱਤਾਂ ਪਾਉਣ ਲਈ ਗਰਾਂਟ ਲੈਣ ਲਈ ਨਗਰ ਪੰਚਾਇਤ ਦੇ ਪ੍ਰਧਾਨ ਸਮੇਤ ਹੋਰਨਾਂ ਅਧਿਕਾਰੀਆਂ ਤੱਕ ਪਹੁੰਚ ਕਰਦੇ ਆ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ|ਲਾਭਪਾਤਰੀ ਫਸੇ ਮਹਿਸੂਸ ਕਰ ਰਹੇ ਹਨ।
ਨਗਰ ਪੰਚਾਇਤ ਦੇ ਪ੍ਰਧਾਨ ਆਲਮ ਵਿਜੇ ਸਿੰਘ ਸੰਧੂ ਨੇ ਕਿਹਾ ਕਿ ਵਧੇਰੇ ਲੋਕ ਅਗਲੇਰੀ ਗਰਾਂਟ ਲੈਣ ਲਈ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰਕੇ ਨਹੀਂ ਦੇ ਰਹੇ ਜਿਸ ਕਰਕੇ ਉਨ੍ਹਾਂ ਨੂੰ ਅਗਲੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ|