ਨਵੀਂ ਦਿੱਲੀ, 27 ਅਕਤੂਬਰ
ਮੁੱਖ ਅੰਸ਼
- ਪਿਛਲੇ 11 ਮਹੀਨਿਆਂ ਦੀ ਜਾਂਚ ਮਗਰੋਂ ਹੱਥੇ ਚੜ੍ਹੇ
ਕੈਨੇਡਾ ਪੁਲੀਸ ਨੇ ਤਿੰਨ ਪੰਜਾਬੀ ਨੌਜਵਾਨਾਂ ਸਮੇਤ ਪੰਜ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਢਾਈ ਕਰੋੜ ਕੈਨੇਡੀਅਨ ਡਾਲਰ ਦੇ ਨਸ਼ੇ ਬਰਾਮਦ ਕੀਤੇ ਹਨ। ਕੈਨੇਡਾ ਪੁਲੀਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਹੈ। ਇਨ੍ਹਾਂ ਨੌਜਵਾਨਾਂ ਕੋਲੋਂ 70 ਹਜ਼ਾਰ ਡਾਲਰ ਨਕਦ ਵੀ ਮਿਲੇ ਹਨ। ਟੋਰਾਂਟੋ ਨੇੜਲੇ ਦੋ ਸ਼ਹਿਰਾਂ ਮਿਸੀਸਾਗਾ ਅਤੇ ਮਾਲਟਨ ਦੇ ਦੋ ਪ੍ਰਭਾਵਸ਼ਾਲੀ ਪੰਜਾਬੀ ਕਾਰੋਬਾਰੀ ਪਰਿਵਾਰਾਂ ਦੀ ਭੂਮਿਕਾ ਜਾਂਚ ਦੇ ਘੇਰੇ ’ਚ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ’ਚ ਜਸਪ੍ਰੀਤ ਸਿੰਘ (ਬਰੈਂਪਟਨ), ਗੁਰਦੀਪ ਸਿੰਘ ਗਾਖਲ (ਕੇਲਡੋਨ) ਅਤੇ ਰਵਿੰਦਰ ਸਿੰਘ ਬੋਪਾਰਾਏ (ਮਿਸੀਸਾਗਾ) ਸ਼ਾਮਲ ਹਨ। ਉਨ੍ਹਾਂ ਨਾਲ ਖਲੀਲਉੱਲ੍ਹਾ ਅਮੀਨ (ਕੇਲਡੋਨ) ਅਤੇ ਰੇਅ ਆਈਪੀ (ਰਿਚਮੰਡ ਹਿੱਲ) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਪਿਛਲੇ 11 ਮਹੀਨਿਆਂ ਤੋਂ ਮੁਲਜ਼ਮਾਂ ਦੀ ਪੈੜ ਨੱਪ ਰਹੀ ਸੀ। ਪੀਲ ਰਿਜਨਲ ਪੁਲੀਸ ਨੇ ਅਮਰੀਕਾ ਪੁਲੀਸ ਦੀ ਸਹਾਇਤਾ ਨਾਲ ਇਸ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੀਲ ਪੁਲੀਸ ਇਸ ਸਾਲ 9 ਮਹੀਨਿਆਂ ’ਚ 4 ਕਰੋੜ ਕੈਨੇਡੀਅਨ ਡਾਲਰ ਮੁੱਲ ਦੇ ਨਸ਼ੇ ਜ਼ਬਤ ਕਰ ਚੁੱਕੀ ਹੈ।
ਇੰਸਪੈਕਟਰ ਟੋਡ ਕਸਟਾਂਸ ਨੇ ਮੀਡੀਆ ਨੂੰ ਦੱਸਿਆ ਕਿ ਫੜੇ ਗਏ ਵਿਅਕਤੀ ਅਮਰੀਕਾ ਅਤੇ ਕੈਨੇਡਾ ਵਿਚਕਾਰ ਚੱਲਦੇ ਆਪਣੇ ਟਰੱਕਾਂ ’ਚ ਨਸ਼ਿਆਂ ਦੀ ਖੇਪ ਲੁਕੋ ਕੇ ਲਿਜਾਂਦੇ ਸਨ। ਗਰੇਟਰ ਟੋਰਾਂਟੋ ਏਰੀਆ ’ਚ ਨਸ਼ੇ ਪਿਛਲੇ ਸਾਲ ਨਵੰਬਰ ਤੋਂ ਲਗਾਤਾਰ ਲਿਆ ਕੇ ਵੇਚੇ ਜਾ ਰਹੇ ਸਨ। ਇਹ ਨਸ਼ੇ ਮਿਸੀਸਾਗਾ ਦੇ ਫਰੈਂਡਜ਼ ਫਰਨੀਚਰ ਅਤੇ ਮਾਲਟਨ ਸਿਟੀ ’ਚ ਨੌਰਥ ਕਿੰਗ ਲੌਜਿਸਟਿਕਸ ਟਰੱਕ ਕੰਪਨੀ ’ਚ ਪਹੁੰਚਾਉਣ ਮਗਰੋਂ ਅੱਗੇ ਵੰਡੇ ਜਾਂਦੇ ਸਨ। ਦੋਵੇਂ ਕੰਪਨੀਆਂ ਦਾ ਹਜ਼ਾਰਾਂ ਲੱਖਾਂ ਡਾਲਰ ਦਾ ਕਾਰੋਬਾਰ ਹੈ। ਸੂਤਰਾਂ ਮੁਤਾਬਕ ਇਨ੍ਹਾਂ ਦੇ ਇਸ਼ਤਿਹਾਰ ਪੰਜਾਬੀ ਰੇਡੀਓ ਪ੍ਰੋਗਰਾਮਾਂ ਅਤੇ ਅਖ਼ਬਾਰਾਂ ’ਚ ਵੱਡੇ ਪੱਧਰ ’ਤੇ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। -ਆਈਏਐਨਐਸ