ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਮਈ
ਦਿੱਲੀ ਹਾਈ ਕੋਰਟ ਵਿਚ ਅੱਜ ਇਕ ਜਨਹਿੱਤ ਪਟੀਸ਼ਨ (ਪੀਆਈਐੱਲ) ਦਾਖ਼ਲ ਕਰਕੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਵਿਦਿਅਕ ਸੈਸ਼ਨ 2020-21 ਵਿਚ ਬੋਰਡ ਪ੍ਰੀਖਿਆਵਾਂ ਦੇਣ ਵਾਲੇ 10ਵੀਂ ਅਤੇ 12ਵੀਂ ਦੇ ਸਾਰੇ ਵਿਦਿਆਰਥੀਆਂ ਨੂੰ ਕੋਵਿਡ-19 ਰੋਕੂ ਟੀਕੇ ਲਗਾਉਣ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਚੀਫ਼ ਜਸਟਿਸ ਡੀ.ਐੱਨ.ਪਟੇਲ ਤੇ ਜਸਟਿਸ ਜਸਮੀਤ ਸਿੰਘ ਨੇ ਕੇਂਦਰੀ ਸਿਹਤ ਮੰਤਰਾਲੇ ਤੇ ਸਿੱਖਿਆ ਮਹਿਕਮੇ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਤਿੰਨ ਵਕੀਲਾਂ ਵੱਲੋਂ ਪਾਈ ਗਈ ਉਕਤ ਪਟੀਸ਼ਨ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ ਹੈ। ਅਦਾਲਤ ਨੇ ਇਹ ਵੀ ਪੁੱਛਿਆ ਹੈ ਕਿ ਕੋਵਿਡ-19 ਲਈ ਜੋ ਟੀਕੇ ਇਸਤੇਮਾਲ ਕੀਤੇ ਜਾ ਰਹੇ ਹਨ, ਕੀ ਉਹ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੀ ਲਾਏ ਜਾ ਸਕਦੇ ਹਨ। ਦਿੱਲੀ ਸਰਕਾਰ ਦੇ ਵਕੀਲ ਸੰਤੋਸ਼ ਕੇ. ਤ੍ਰਿਪਾਠੀ ਤੇ ਕੇਂਦਰ ਸਰਕਾਰ ਦੇ ਵਕੀਲ ਮੋਨਿਕਾ ਅਰੋੜਾ ਨੇ ਦੱਸਿਆ ਕਿ ਦਸਵੀਂ ਦੇ ਇਮਤਿਹਾਨ ਰੱਦ ਕੀਤੇ ਜਾ ਚੁੱਕੇ ਹਨ ਜਦੋਂਕਿ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਫੈਸਲਾ ਪਹਿਲੀ ਜੂਨ ਨੂੰ ਲਿਆ ਜਾਣਾ ਹੈ।