ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 11 ਅਗਸਤ
ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕਰਦਿਆਂ ਜਿੱਥੇ ਇਤਿਹਾਸਕ ਸ਼ਹਿਰ ਮਾਛੀਵਾੜਾ ਦੇ ਵਿਕਾਸ ਲਈ ਪਹਿਲੀ ਵਾਰ ਇੰਪਰੂਵਮੈਂਟ ਟਰੱਸਟ ਦਾ ਗਠਨ ਕੀਤਾ ਗਿਆ ਹੈ ਉੱਥੇ ਸੀਨੀਅਰ ਕਾਂਗਰਸੀ ਆਗੂ ਤੇ ਸਮਾਜ ਸੇਵੀ ਸ਼ਕਤੀ ਆਨੰਦ ਨੂੰ ਟਰੱਸਟ ਦਾ ਪਹਿਲਾ ਚੇਅਰਮੈਨ ਵੀ ਨਿਯੁਕਤ ਕਰ ਦਿੱਤਾ ਹੈ। ਨੋਟੀਫਿਕੇਸ਼ਨ ਅਨੁਸਾਰ ਮਾਛੀਵਾੜਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਕਤੀ ਆਨੰਦ ਤੋਂ ਇਲਾਵਾ 6 ਮੈਂਬਰ ਵੀ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ ’ਚ ਕੌਂਸਲਰ ਮਨਜੀਤ ਕੁਮਾਰੀ, ਸੀਨੀਅਰ ਕਾਂਗਰਸੀ ਆਗੂ ਜੇ.ਪੀ. ਸਿੰਘ ਮੱਕੜ, ਕੌਂਸਲਰ ਪਰਮਜੀਤ ਸਿੰਘ ਪੰਮੀ, ਕੌਂਸਲਰ ਸਤਿੰਦਰ ਕੌਰ, ਸਾਬਕਾ ਕੌਂਸਲਰ ਸੁਰਿੰਦਰ ਕੁਮਾਰ, ਜੈਦੀਪ ਸਿੰਘ ਕਾਹਲੋਂ ਤੇ ਤੇਜਿੰਦਰ ਸਿੰਘ ਸ਼ਾਮਲ ਹਨ। ਚੇਅਰਮੈਨ ਸ਼ਕਤੀ ਆਨੰਦ ਜੋ ਕਿ ਕਿੱਤੇ ਵਜੋਂ ਆੜ੍ਹਤੀ ਹਨ, ਦਾ ਮਾਛੀਵਾੜਾ ਇਲਾਕੇ ਤੇ ਪਿੰਡਾਂ ’ਚ ਕਾਫ਼ੀ ਵੱਡੇ ਸਿਆਸੀ ਕੱਦ ਵਿਚ ਜਾਣੇ ਜਾਂਦੇ ਹਨ ਅਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਨਜ਼ਦੀਕੀ ਹਨ, ਜਿਸ ਕਾਰਨ ਉਨ੍ਹਾਂ ਨੂੰ ਅੱਜ ਇਹ ਵੱਡਾ ਅਹੁਦਾ ਮਿਲਿਆ। ਦੱਸਣਯੋਗ ਹੈ ਕਿ ਚੇਅਰਮੈਨ ਸ਼ਕਤੀ ਆਨੰਦ ਨੇ ਆਪਣਾ ਸਿਆਸੀ ਸਫ਼ਰ ਕਾਂਗਰਸੀ ਵਰਕਰ ਵਜੋਂ ਸ਼ੁਰੂ ਕੀਤਾ ਸੀ।