ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਫਰਵਰੀ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਅੱਜ ਨਗਰ ਕੌਂਸਲ ਦੀਆਂ ਚੋਣਾਂ ਲਈ ਨਕੋਦਰ ਸਮੇਤ ਹੋਰ ਥਾਵਾਂ ’ਤੇ ਆਪ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਚੋਣ ਮੁਹਿੰਮ ਦੌਰਾਨ ਲੋਕਾਂ ਨੇ ਆਪ ਉਮੀਦਵਾਰਾਂ ਦਾ ਸਮਰਥਨ ਕੀਤਾ। ਚੀਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਸ਼ਹਿਰ ਦੇ ਵਿਕਾਸ ਲਈ ਅਤੇ ਸਥਾਨਕ ਸਰਕਾਰ ਵਿਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ।
ਦਸੂਹਾ (ਪੱਤਰ ਪੇ੍ਰਕ): ਇਥੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਭਖਾਉਣ ਲਈ ਪਾਰਟੀ ਦੇ ਆਗੂ ਕਰਮਬੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਪਾਰਟੀ ਦੇ ਸੂਬਾ ਸਹਿ ਕਨਵੀਨਰ ਤੇ ਵਿਧਾਇਕ ਰਾਘਵ ਚੱਢਾ, ਜਗਮੋਹਣ ਸਿੰਘ ਬੱਬੂ ਘੁੰਮਣ, ਕ੍ਰਿਸ਼ਨ ਦੇਵ ਖੋਸਲਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ਹਿਰ ਦੀਆਂ 15 ਵਾਰਡਾਂ ਦੇ ਉਮੀਦਵਾਰਾਂ ਸਮੇਤ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ, ਵੋਟਰਾਂ ਅਤੇ ਸਪੋਟਰਾਂ ਨੇ ਪਾਰਟੀ ਦੇ ਝੰਡੇ ਫੜ ਕੇ ਹਿੱਸਾ ਲਿਆ। ਇਹ ਰੋਡ ਸ਼ੋਅ ਮੁਹੱਲਾ ਲੰਗਰਪੁਰ ਤੋਂ ਸ਼ੁਰੂ ਹੋ ਕੇ ਹਾਜ਼ੀਪੁਰ ਚੌਕ ਸਮਾਪਤ ਹੋਇਆ।
ਭਾਜਪਾ ਦੇ ਬਾਈਕਾਟ ਦੇ ਬੈਨਰ ਲੱਗੇ
ਬਟਾਲਾ (ਹਰਜੀਤ ਸਿੰਘ ਪਰਮਾਰ): ਬਟਾਲਾ ਦੇ ਵਾਰ਼ ਨੰਬਰ 44 ਵਿੱਚ ‘ਜਿਹੜਾ ਕਿਸਾਨ ਨਾਲ ਖੜ੍ਹੇ, ਉਹੀ ਪਿੰਡ ਵਿੱਚ ਵੜੇ’ ਭਾਜਪਾ ਦੇ ਮੁਕੰਮਲ ਬਾਈਕਾਟ ਕਰਨ ਦੇ ਸੱਦੇ ਲਈ ਕੁੱਝ ਨੌਜਵਾਨਾਂ ਵੱਲੋਂ ਬੈਨਰ ਲਾਏ ਗਏ ਹਨ।
ਕਾਂਗਰਸ ਨੇ ਝੂਠ ਦੇ ਆਧਾਰ ’ਤੇ ਸਰਕਾਰ ਬਣਾਈ: ਮਜੀਠੀਆ
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਸ਼ਹਿਰ ਵਿੱਚ ਨਗਰ ਕੌਂਸਲ ਚੋਣਾਂ ਦੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਰੋਡ ਸ਼ੋਅ ਕੱਢਿਆ ਗਿਆ। ਇਸ ਰੋਡ ਸ਼ੋਅ ਵਿੱਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਇੰਚਾਰਜ ਜੰਡਿਆਲਾ ਗੁਰੂ ਮਲਕੀਤ ਸਿੰਘ ਏਆਰ ਵੱਡੀ ਗਿਣਤੀ ਵਿਚ ਆਪਣੇ ਸਮਰੱਥਕਾਂ ਨਾਲ ਸ਼ਾਮਲ ਹੋਏ ਅਤੇ ਇਹ ਰੋਡ ਸ਼ੋਅ ਸਰਾਂਏ ਰੋਡ ਤੇ ਬਣੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਜੰਡਿਆਲਾ ਗੁਰੂ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਲੰਘਿਆ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਾਂਗਰਸ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਇਕੱਠੀਆਂ ਕਰਦੀ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਹੈ ਉਹ ਪੂਰਾ ਵੀ ਕਰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ। ਇਸ ਮੌਕੇ ਉਨ੍ਹਾਂ ਨਾਲ ਸੰਦੀਪ ਸਿੰਘ ਏਆਰ, ਸਾਬਕਾ ਪ੍ਰਧਾਨ ਨਗਰ ਕੌਂਸਲ ਰਵਿੰਦਰਪਾਲ ਸਿੰਘ ਕੁੱਕੂ, ਰਾਜ ਕੁਮਾਰ ਮਲਹੋਤਰਾ, ਸਨੀ ਸ਼ਰਮਾ, ਪ੍ਰੀਕਸ਼ਤ ਸ਼ਰਮਾ, ਗੋਲਡੀ ਸ਼ਰਮਾਂ, ਸੰਤ ਸਰੂਪ ਸਿੰਘ ਸ਼ਹਿਰੀ ਪ੍ਰਧਾਨ ਅਤੇ ਸੈਂਕੜੇ ਅਕਾਲੀ ਦਲ ਪਾਰਟੀ ਦੇ ਵਰਕਰ ਮੌਜੂਦ ਸਨ।
ਭਾਜਪਾ ਆਗੂਆਂ ਨੇ ਚੋਣ ਲੜਨ ਤੋਂ ਪਾਸਾ ਵੱਟਿਆ: ਅਸ਼ੋਕ ਚੌਧਰੀ
ਦੀਨਾਨਗਰ (ਸਰਬਜੀਤ ਸਾਗਰ): ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਪਤੀ ਅਸ਼ੋਕ ਚੌਧਰੀ ਵੱਲੋਂ ਨਗਰ ਕੌਂਸਲ ਚੋਣਾਂ ਲੜ ਰਹੇ ਪਾਰਟੀ ਉਮੀਦਵਾਰ ਨੀਟੂ ਚੌਹਾਨ (ਵਾਰਡ-8) ਦੇ ਚੋਣ ਦਫ਼ਤਰ ਦਾ ਅੱਜ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਅਸ਼ੋਕ ਚੌਧਰੀ ਨੇ ਵਾਰਡ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਅੰਦਰ ਕਾਂਗਰਸ ਦੀ ਕਮੇਟੀ ਬਣਾ ਕੇ ਸਰਵਪੱਖੀ ਵਿਕਾਸ ਕਰਵਾਉਣ ਲਈ ਉਹ ਕਾਂਗਰਸ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਕਾਰਨ ਭਾਜਪਾ ਦੀ ਹਾਲਤ ਐਨੀ ਜ਼ਿਆਦਾ ਪਤਲੀ ਹੋ ਚੁੱਕੀ ਹੈ ਕਿ ਦੀਨਾਨਗਰ ਸ਼ਹਿਰ ਦੇ 15 ਵਾਰਡਾਂ ’ਤੇ ਉਮੀਦਵਾਰ ਖੜ੍ਹੇ ਕਰਨ ਲਈ ਪਾਰਟੀ ਨੂੰ ਭਾਰੀ ਨਮੋਸ਼ੀ ਝੱਲਣੀ ਪਈ ਅਤੇ ਭਾਜਪਾ ਦੇ ਕਈ ਸੀਨੀਅਰ ਨੇਤਾਵਾਂ ਨੇ ਚੋਣ ਲੜਨ ਤੋਂ ਪਾਸਾ ਵੱਟਿਆ ਹੈ ਜਦਕਿ ਕੁਝ ਸਾਬਕਾ ਕੌਂਸਲਰ ਭਾਜਪਾ ਦੇ ਚੋਣ ਨਿਸ਼ਾਨ ਤੋਂ ਲੜਣ ਦੀ ਬਜਾਏ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਨਿੱਤਰੇ ਹਨ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਮੀਡੀਆ ਇੰਚਾਰਜ ਦੀਪਕ ਭੱਲਾ, ਅਸ਼ਵਨੀ ਅੱਛੀ, ਸੁਭਾਸ਼ ਡੁੱਗਰੀ ਅਤੇ ਹੋਰਨਾਂ ਵਾਰਡਾਂ ਤੋਂ ਪਾਰਟੀ ਉਮੀਦਵਾਰ ਮਾਸਟਰ ਰਾਮ ਲਾਲ, ਜਿੰਮੀ ਬਰਾੜ, ਡਾ. ਪ੍ਰਦੀਪ ਤੁਲੀ ਅਤੇ ਪਰਮਜੀਤ ਕੌਰ ਹਾਜ਼ਰ ਸਨ।