ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 21 ਜਨਵਰੀ
ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਨੇ ਅਕਾਲੀ ਵਿਧਾਇਕ ਐੱਨਕੇ ਸ਼ਰਮਾ ’ਤੇ ਸ਼ਾਮਲਾਟ ਜ਼ਮੀਨ ਦੱਬਣ ਦੇ ਗੰਭੀਰ ਦੋਸ਼ ਲਗਾਏ ਹਨ। ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸੁਸਾਇਟੀ ਦੇ ਚੇਅਰਮੈਨ ਅਵਤਾਰ ਸਿੰਘ ਨਗਲਾ ਅਤੇ ਮੁੱਖ ਸਲਾਹਕਾਰ ਸੁਖਵਿੰਦਰ ਪਾਲ ਪਟਵਾਰੀ ਨੇ ਵਿਧਾਇਕ ਐਨ.ਕੇ. ਸ਼ਰਮਾ ਉਪਰ ਜ਼ੀਰਕਪੁਰ ਸਬ ਤਹਿਸੀਲ ਵਿਚ ਪੈਂਦੇ ਪਿੰਡ ਭਾਂਖਰਪੁਰ ਅਤੇ ਗਾਜ਼ੀਪੁਰ ਵਿਚ ਸ਼ਾਮਲਾਟ ਜ਼ਮੀਨਾਂ ਉੱਪਰ ਨਜਾਇਜ਼ ਕਬਜ਼ੇ ਕਰਨ ਦੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਵਿਧਾਇਕ ਸ਼ਰਮਾ ਵੱਲੋਂ ਪਿੰਡ ਗਾਜ਼ੀਪੁਰ ਵਿਚ ਸ਼ਾਮਲਾਟ ਪੰਜ ਵਿੱਘੇ ਪੰਜ ਵਿਸ਼ਵੇ ਜ਼ਮੀਨ ’ਤੇ ਦਰਬਾਰੀ ਲਾਲ ਫਾਊਂਡੇਸ਼ਨ ਸੰਸਥਾ ਬਣਾ ਕੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ।
ਪਿੰਡ ਭਾਂਖਰਪੁਰ ਵਿਖੇ ਸ਼ਾਮਲਾਟ ਜ਼ਮੀਨ 11 ਕਨਾਲ ਇੱਕ ਮਰਲਾ ਮਹਿਜ਼ 13 ਲੱਖ ਰੁਪਏ ਵਿਚ ਹੀ ਖ਼ਰੀਦ ਕੀਤੀ ਗਈ ਜਦੋਂਕਿ ਇਸ ਦੀ ਬਾਜ਼ਾਰੀ ਕੀਮਤ ਲਗਭਗ 15 ਕਰੋੜ ਰੁਪਏ ਹੈ। ਇੰਝ ਹੀ ਇਸੇ ਜ਼ਮੀਨ ’ਚੋਂ ਹੀ ਇਨ੍ਹਾਂ ਦੇ ਸਿਆਸੀ ਸਹਿਯੋਗੀ ਰੌਕੀ ਕਾਂਸਲ ਜੋ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਰੀਅਲ ਅਸਟੇਟ ਕਾਰੋਬਾਰ ਵਿੱਚ ਭਾਈਵਾਲ ਹਨ, ਦੇ ਭਰਾ ਨੀਰਜ ਕਾਂਸਲ ਵੱਲੋਂ 4 ਕਨਾਲ 3 ਮਰਲੇ ਸ਼ਾਮਲਾਟ ਜ਼ਮੀਨ ਦਾ ਲੀਜ਼ ਐਗਰੀਮੈਂਟ ਜ਼ੀਰਕਪੁਰ ਇਲਾਕੇ ਦੇ ਨੌਜਵਾਨ ਨਾਲ ਕੀਤਾ ਗਿਆ।
ਦੋਸ਼ ਬੇਬੁਨਿਆਦ, ਕਾਨੂੰਨੀ ਨੋਟਿਸ ਭੇਜਾਂਗਾ: ਐੱਨ.ਕੇ. ਸ਼ਰਮਾ
ਅਕਾਲੀ ਦਲ ਦੇ ਵਿਧਾਇਕ ਐਨਕੇ ਸ਼ਰਮਾ ਦਾ ਕਹਿਣਾ ਹੈ ਕਿ ਅਵਤਾਰ ਸਿੰਘ ਨਗਲਾ ਅਤੇ ਸੁਖਵਿੰਦਰ ਸਿੰਘ ਪਟਵਾਰੀ ਕਾਂਗਰਸੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਦੇ ਪਿੱਠੂ ਬਣ ਕੇ ਉਸ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅੱਜ ਹੀ ਇਨ੍ਹਾਂ ਵਿਅਕਤੀਆਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਅਦਾਲਤ ਵਿੱਚ ਖੜ੍ਹਾ ਕਰਨਗੇ ਕਿ ਜੇਕਰ ਉਨ੍ਹਾਂ ਕੋਲ ਕੋਈ ਸਬੂਤ ਹੈ ਤਾਂ ਪੇਸ਼ ਕਰਨ। ਸ੍ਰੀ ਸ਼ਰਮਾ ਨੇ ਕਿਹਾ ਕਿ ਪਿੰਡ ਗਾਜ਼ੀਪੁਰ ਦੀ ਜ਼ਮੀਨ ਦੀ ਰਜਿਸਟਰੀ ਹੋਈ ਹੈ ਅਤੇ ਉੱਥੇ ਬਣੇ ਸਕੂਲ ਨੂੰ ਇਕ ਟਰੱਸਟ ਚਲਾ ਰਿਹਾ ਹੈ। ਪਿੰਡ ਭਾਂਖਰਪੁਰ ਵਿੱਚ ਸੇਠੀ ਢਾਬਾ ਅਤੇ ਰਿਲਾਇੰਸ ਪੈਟਰੋਲ ਪੰਪ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਸਾਰੇ ਦੋਸ਼ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਅਤੇ ਸਿਆਸਤ ਤੋਂ ਪ੍ਰੇਰਿਤ ਹਨ।