ਮਨਜੀਤ ਕੌਰ ‘ਸੱਪਲ’
ਪੁਰਾਤਨ ਪੰਜਾਬੀ ਲੋਕ ਬੋਲੀਆਂ ਦੇ ਮਜ਼ਾਹੀਆ ਪਾਤਰ ‘ਗਿਰਧਾਰੀ ਲਾਲ’ ਬਾਰੇ ਕਈ ਸਾਲ ਪਹਿਲਾਂ ਗਾਇਕ ਮਲਕੀਤ ਦਾ ਗੀਤ ‘ਮੇਰੇ ਨਾਲ ਨਾਲ ਚੱਲੇ ਨੀਂ ਗਿਰਧਾਰੀ ਲਾਲ…’ ਬਹੁਤ ਪ੍ਰਚੱਲਿਤ ਹੋਇਆ ਸੀ। ਹੁਣ ਗਿੱਪੀ ਗਰੇਵਾਲ ‘ਗਿਰਧਾਰੀ ਲਾਲ’ ਬਾਰੇ ਇੱਕ ਫ਼ਿਲਮ ਲੈ ਕੇ ਆਇਆ ਹੈ ‘ਸ਼ਾਵਾ ਨੀਂ ਗਿਰਧਾਰੀ ਲਾਲ’।
ਗਿੱਪੀ ਗਰੇਵਾਲ ਦੀ ਇਹ ਫ਼ਿਲਮ ਹਾਸੇ ਮਜ਼ਾਕ ਦੇ ਨਾਲ ਨਾਲ 1940 ਦੇ ਪੇਂਡੂ ਸੱਭਿਆਚਾਰ, ਰਸਮਾਂ ਤੇ ਸਮਾਜਿਕ ਸਰੋਕਾਰਾਂ ਨਾਲ ਜੁੜੀ ਹੋਈ ਫ਼ਿਲਮ ਹੈ। ਸਾਂਝੇ ਪਰਿਵਾਰਾਂ ਦੀ ਪਿਰਤ ਦਰਸਾਉਂਦੀ ਇਹ ਫ਼ਿਲਮ ਵੱਡੇ ਪਰਿਵਾਰ ਦੇ ਇੱਕ ‘ਝੱਲੇ’ ਪੁੱਤਰ ਗਿਰਧਾਰੀ ਦੁਆਲੇ ਘੁੰਮਦੀ ਹੈ ਜੋ ਪਿੰਡ ਦੇ ਹਰ ਛੋਟੇ-ਵੱਡੇ ਲਈ ਮਜ਼ਾਕ ਦਾ ਪਾਤਰ ਹੈ। ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਤੋਂ ਬੇਫਿਕਰ, ਮਸਤ-ਮੌਲੇ ਗਿਰਧਾਰੀ ਦਾ ਵਿਆਹ ਨਹੀਂ ਹੁੰਦਾ। ਇਹ ਸਾਧਾਰਨ ਕਿਸਮ ਦੇ ਛੜੇ ਬੰਦੇ ਦੇ ਹੁਸੀਨ ਸੁਪਨਿਆਂ ਦੀ ਕਹਾਣੀ ਹੈ, ਜਿਸ ਨੂੰ ਪਿੰਡ ਦੀਆਂ ਸਾਰੀਆਂ ਜਨਾਨੀਆਂ ਚੰਗੀਆਂ ਲੱਗਦੀਆਂ ਹਨ, ਪਰ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ। ਆਪਣੇ ਆਪ ਨੂੰ ਚੰਗਾ ਵਿਖਾਉਣ ਲਈ ਗਿਰਧਾਰੀ ਲਾਲ ਜੋ ਸਕੀਮਾਂ ਘੜਦਾ ਹੈ, ਉਹ ਫ਼ਿਲਮ ਦੀ ਰੌਚਕਤਾ ਨੂੰ ਵਧਾਉਂਦੀਆਂ ਹਨ।
ਇਸ ਫ਼ਿਲਮ ਵਿੱਚ ਤਿੰਨ ਦਰਜਨ ਤੋਂ ਵੱਧ ਨਾਮੀਂ ਕਲਾਕਾਰਾਂ ਨੇ ਕੰਮ ਕੀਤਾ ਹੈ ਅਤੇ ਗਿੱਪੀ ਗਰੇਵਾਲ ਦੀਆਂ ਫ਼ਿਲਮ ਵਿੱਚ ਸੱਤ ਹੀਰੋਇਨਾਂ ਹਨ। ਕਹਾਣੀ ਵਿੱਚ ਅਜਿਹੇ ਕਈ ਮੋੜ ਹਨ ਕਿ ਦਰਸ਼ਕਾਂ ਨੂੰ ਫ਼ੈਸਲਾ ਕਰਨਾ ਔਖਾ ਹੋ ਜਾਂਦਾ ਹੈ ਕਿ ਕਿਹੜੀ ਹੀਰੋਇਨ ਉਸ ਦਾ ਘਰ ਵਸਾਏਗੀ। ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਤੇ ਓਮਜੀ ਸਟਾਰ ਸਟੂਡੀਓਜ਼ ਦੀ ਪੇਸ਼ਕਸ਼ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਹਿਮਾਂਸ਼ੀ ਖੁਰਾਣਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਰਾਣਾ ਰਣਵੀਰ, ਸਰਦਾਰ ਸੋਹੀ, ਨੀਰੂ ਬਾਜਵਾ, ਯਾਮੀ ਗੌਤਮ, ਪਾਇਲ ਰਾਜਪੂਤ, ਸੁਰੀਲੀ ਗੌਤਮ, ਸਾਰਾ ਗੁਰਪਾਲ, ਤਨੂ ਗਰੇਵਾਲ, ਸੀਮਾ ਕੌਸ਼ਲ, ਪ੍ਰਭ ਗਰੇਵਾਲ, ਪਰਮਿੰਦਰ ਕੌਰ ਗਿੱਲ, ਰਾਜ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੀ ਕਹਾਣੀ ਨੂੰ ਗਿੱਪੀ ਗਰੇਵਾਲ ਨੇ ਲਿਖਿਆ ਹੈ ਅਤੇ ਡਾਇਲਾਗ ਤੇ ਸਕਰੀਨ ਪਲੇਅ ਰਾਣਾ ਰਣਬੀਰ ਨੇ ਲਿਖੇ ਹਨ। ਹੈਪੀ ਰਾਏਕੋਟੀ ਅਤੇ ਰਿੱਕੀ ਖਾਨ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਸਤਿੰਦਰ ਸਰਤਾਜ, ਸੁਨੀਧੀ ਚੌਹਾਨ ਅਤੇ ਜੀ ਖਾਨ ਨੇ ਗਾਇਆ ਹੈ। ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਪੰਜਾਬ ਦੇ ਪੁਰਾਤਨ ਵਿਰਸੇ ਬਾਰੇ ਵੀ ਅੱਜ ਦੀ ਪੀੜ੍ਹੀ ਨੂੰ ਜਾਣੂ ਕਰਵਾਉਂਦੀ ਹੈ ਕਿ ਕੱਚਿਆਂ ਘਰਾਂ ਵਿੱਚ ਰਹਿਣ ਵਾਲੇ ਲੋਕ ਦਿਲਾਂ ਦੇ ਕਿੰਨੇ ਸੱਚੇ-ਸੁੱਚੇ ਹੁੰਦੇ ਸਨ। ਇੱਕ ਚੁੱਲ੍ਹੇ ’ਤੇ ਘਰ ਦੇ ਸਾਰੇ ਟੱਬਰ ਦੀ ਰੋਟੀ ਪੱਕਦੀ ਸੀ ਜਦੋਂਕਿ ਅੱਜ ਅਜਿਹਾ ਮਾਹੌਲ ਕਿਤੇ ਵੀ ਵੇਖਣ ਨੂੰ ਨਹੀਂ ਮਿਲਦਾ। ਸਾਂਝੇ ਪਰਿਵਾਰਾਂ ਦੀ ਉਹ ਪਿਰਤ ਅੱਜ ਖਤਮ ਹੋ ਚੁੱਕੀ ਹੈ।