ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 10 ਮਾਰਚ
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਨੇ ਅੱਜ ਇੱਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਜਿੱਥੇ ਪਹਿਲਾਂ ਨਾਲੋਂ ਵੀ ਵੱਡੀ ਝੂਠ ਦੀ ਪੰਡ ਹੈ, ਉੱਥੇ ਹੀ ਕੈਪਟਨ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਅਤੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ।
ਸ੍ਰੀ ਅਠਵਾਲ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਆਪਣੇ ਕਿਸੇ ਵੀ ਚੋਣ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ ਹੈ, ਇਸ ਲਈ ਆਪਣੇ ਅਖੀਰਲੇ ਬਜਟ ਵਿੱਚ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨੂੰ ਵੱਡੇ-ਵੱਡੇ ਸੁਫ਼ਨੇ ਦਿਖਾ ਕੇ ਭਰਮਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤੇ ਬਜਟ ਨੂੰ ‘ਰੋਂਦਾ ਪੰਜਾਬ’ ਦਾ ਦਸਤਾਵੇਜ਼ ਕਰਾਰ ਦਿੱਤਾ। ਭਾਜਪਾ ਆਗੂ ਨੇ ਕਿਹਾ ਕਿ ਇਹ ਅਖੀਰਲਾ ਬਜਟ ਕਾਂਗਰਸ ਸਰਕਾਰ ਦੇ ਪਤਨ ਵਿੱਚ ਆਖਰੀ ਕਿੱਲ ਸਾਬਿਤ ਹੋਵੇਗਾ। ਇਸ ਮੌਕੇ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸਰਪੰਚ ਮਨੋਹਰ ਲਾਲ ਖਮੇੜਾ, ਮੰਡਲ ਪ੍ਰਧਾਨ ਸਤਵੀਰ ਰਾਣਾ, ਪਰਮਿੰਦਰ ਸ਼ਰਮਾ, ਮੁਕੇਸ਼ ਨੱਢਾ ਤੇ ਸ਼ਾਮ ਸੁੰਦਰ ਪ੍ਰਾਸ਼ਰ ਆਦਿ ਵੀ ਹਾਜ਼ਰ ਸਨ।