ਸੀ. ਮਾਰਕੰਡਾ
ਤਪਾ ਮੰਡੀ, 30 ਅਕਤੂਬਰ
ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਧਾਗਾ ਮਿੱਲ ਤਪਾ ਲਾਗੇ ਕਾਰ ਦੀ ਫੇਟ ਲੱਗਣ ਕਾਰਨ ਮੋਟਰਸਾਈਕਲ ਸਵਾਰ ਸਕੂਲ ਵਿਦਿਆਰਥਣ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਦੋ ਜਣੇ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਿਕ ਲਾਭ ਸਿੰਘ ਪੁੱਤਰ ਭਰਪੂਰ ਸਿੰਘ ਆਪਣੀਆਂ ਭਤੀਜੀਆਂ ਖੁਸ਼ਪ੍ਰੀਤ ਕੌਰ ਅਤੇ ਪਰਮਿੰਦਰ ਕੌਰ ਜੋ ਦਸਵੀਂ ਜਮਾਤ ’ਚ ਪੜ੍ਹਦੀਆਂ ਸਨ, ਨੂੰ ਨੇੜਲੇ ਪਿੰਡ ਜੇਠੂਕੇ ਦੇ ਸਕੂਲ ’ਚ ਛੱਡਣ ਜਾ ਰਿਹਾ ਸੀ। ਜਿਉਂ ਹੀ ਉਸ ਨੇ ਮੁੱਖ ਮਾਰਗ ‘ਤੇ ਮੋਟਰਸਾਇਕਲ ਚੜ੍ਹਾਇਆ ਤਾਂ ਬਰਨਾਲਾ ਵੱਲੋਂ ਆਉਂਦੀ ਕਾਰ ਨੇ ਫੇਟ ਮਾਰੀ। ਇਸ ਕਾਰਨ ਮੋਟਰਸਾਈਕਲ ਸਵਾਰ ਦੋਵੇਂ ਭੈਣਾਂ ਅਤੇ ਲਾਭ ਸਿੰਘ ਡਿੱਗ ਕੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਖੁਸ਼ਪ੍ਰੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜ਼ਖ਼ਮੀਆਂ ਨੂੰ ਤੁਰੰਤ ਮਿੰਨੀ ਸਹਾਰਾ ਕਲੱਬ ਤਪਾ ਦੇ ਵਾਲੰਟੀਅਰਾਂ ਨੇ ਤਪਾ ਦੇ ਇੱਕ ਨਿੱਜੀ ਕਲੀਨਿਕ ’ਚ ਦਾਖ਼ਲ ਕਰਵਾਇਆ ਪਰ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਰਾਮਪੁਰਾ ਫੂਲ ਵਿੱਚ ਰੈਫਰ ਕਰ ਦਿੱਤਾ ਗਿਆ।
ਪੁਲੀਸ ਅਨੁਸਾਰ ਕਾਰ ਚਾਲਕ ਨੂੰ ਵਾਹਨ ਸਣੇ ਕਾਬੂ ਕਰ ਲਿਆ ਗਿਆ ਹੈ। ਜ਼ਖ਼ਮੀਆਂ ਦੇ ਬਿਆਨਾਂ ‘ਤੇ ਕੇਸ ਦਰਜ ਕਰਕੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ।