ਪੱਤਰ ਪ੍ਰੇਰਕ
ਪਠਾਨਕੋਟ, 4 ਅਪਰੈਲ
ਇਥੇ ਸਬਜ਼ੀ ਮੰਡੀ ਵਿੱਚ ਠੇਕੇਦਾਰ ਵੱਲੋਂ ਫੜ੍ਹੀ ਵਾਲਿਆਂ ਉਪਰ 100 ਰੁਪਏ ਦੀ ਪਰਚੀ ਲਗਾਏ ਜਾਣ ਦੇ ਫ਼ੈਸਲੇ ਖ਼ਿਲਾਫ਼ ਫੜ੍ਹੀ ਯੂਨੀਅਨ ਨੇ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਮੂਹਰੇ ਰੋਸ ਭਰਪੂਰ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਨੂੰ ਨਰੇਸ਼ ਕੁਮਾਰ, ਸੁਰੇਸ਼ ਸ਼ਰਮਾ, ਸੋਨੂੰ ਅਰੋੜਾ, ਕਾਲਾ ਪ੍ਰਧਾਨ, ਜਤਿੰਦਰ, ਜੋਗਿੰਦਰ ਆਦਿ ਨੇ ਕਿਹਾ ਕਿ ਵਿਭਾਗ ਨੇ ਸਬਜ਼ੀ ਮੰਡੀ ਵਿੱਚ ਫੜ੍ਹੀ, ਕੰਟੀਨ ਅਤੇ ਪਾਰਕਿੰਗ ਦਾ ਸਾਲ 2022-23 ਦਾ ਸਾਲਾਨਾ ਠੇਕਾ 1.9 ਕਰੋੜ ਰੁਪਏ ਵਿੱਚ ਜਾਰੀ ਕਰ ਦਿੱਤਾ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 26.50 ਫੀਸਦੀ ਜ਼ਿਆਦਾ ਹੈ। ਇਸ ਆੜ ਵਿੱਚ ਠੇਕੇਦਾਰ ਉਨ੍ਹਾਂ ਉਪਰ ਜ਼ਬਰਦਸਤੀ ਪਰਚੀ ਥੋਪ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪਰਚੀ ਸਿਸਟਮ ਨੂੰ ਬੰਦ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰ ਦੇਣਗੇ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਨੇ ਮੌਕੇ ’ਤੇ ਪੁੱਜ ਕੇ ਫੜ੍ਹੀ ਵਾਲਿਆਂ ਦੀ ਗੱਲ ਸੁਣੀ ਅਤੇ ਉਸ ਦੇ ਬਾਅਦ ਮਾਰਕੀਟ ਕਮੇਟੀ ਦੇ ਸਕੱਤਰ ਬਲਬੀਰ ਸਿੰਘ ਬਾਜਵਾ ਨਾਲ ਗੱਲ ਕਰਕੇ ਫੜ੍ਹੀ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਜਿਵੇਂ ਪਹਿਲਾਂ ਸਿਸਟਮ ਚੱਲ ਰਿਹਾ ਸੀ ਉਸੇ ਤਰ੍ਹਾਂ ਹੀ ਚੱਲੇਗਾ ਪਰ ਫਿਰ ਵੀ ਸਰਕਾਰ ਨੂੰ ਪ੍ਰਸਤਾਵ ਭੇਜਿਆ ਜਾ ਰਿਹਾ ਹੈ ਤਾਂ ਜੋ ਪਰਚੀ ਸਿਸਟਮ ਲਾਗੂ ਨਾ ਹੋਵੇ।